ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਸੇਵਾਵਾਂ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਵਿੱਚ ਅਧਿਆਤਮਿਕ ਅਤੇ ਸਮਾਜਿਕ ਵਿਕਾਸ ਕਰਨ ਹਿਤ ਸੰਗਤ, ਪੰਗਤ, ਲੰਗਰ, ਗੁਰਦੁਆਰਾ ਆਦਿ ਸੰਸਥਾਵਾਂ ਦਾ ਆਗਾਜ ਕੀਤਾ।ਇਨ੍ਹਾਂ ਵਿੱਚੋਂ ਗੁਰਦੁਆਰਾ ਮਹੱਤਵਪੂਰਨ ਸੰਸਥਾ ਹੈ ਕਿਉਂਕਿ ਸੰਗਤ, ਪੰਗਤ, ਲੰਗਰ ਆਦਿ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦੁਆਰੇ ਨਾਲ ਸੰਬੰਧਿਤ ਹਨ।ਸਿੱਖ ਧਰਮ ਦੇ ਮੁੱਢ ਤੋਂ ਹੀ ਇਹ ਸੰਸਥਾ ਧਰਮਸ਼ਾਲਾ ਦੇ ਰੂਪ ਵਿੱਚ ਪ੍ਰਗਟ ਹੋਈ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦੌਰਾਨ ਅਤੇ ਉਸ ਤੋਂ ਬਾਅਦ ਅਗਿਆਨਤਾ ਵਿੱਚ ਫਸੀ ਲੁਕਾਈ ਨੂੰ ਜਿੱਥੇ-ਜਿੱਥੇ ਅਧਿਆਤਮਿਕ ਗਿਆਨ ਬਖਸ਼ਿਸ਼ ਕੀਤਾ ਉੱਥੇ-ੳੁੱਥੇ ਧਰਮਸ਼ਾਲਾਵਾਂ ਕਾਇਮ ਹੋਈਆਂ ਜੋ ਬਾਅਦ ਵਿੱਚ ਗੁਰਦੁਆਰਿਆਂ ਦਾ ਰੂਪ ਧਾਰਨ ਕਰ ਗਈਆਂ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰਦੁਆਰਾ ਉਹ ਅਸਥਾਨ ਹੈ ਜਿਸਨੂੰ ਦਸ ਗੁਰੂ ਸਾਹਿਬਾਨ ਜੀ ਨੇ  ਧਰਮ ਪ੍ਰਚਾਰ ਲਈ ਬਣਾਇਆ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਇਸ ਅਸਥਾਨ ਦਾ ਨਾਮ ਧਰਮਸ਼ਾਲਾ ਰਿਹਾ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸ਼ਾਲਾ ਸ਼ਬਦ ਗੁਰਦੁਆਰਾ ਨਾਮ ਵਿੱਚ ਤਬਦੀਲ ਹੋ ਗਿਆ।ਗੁਰਦੁਆਰੇ ਤੋਂ ਮਿਲਦੇ ਗੁਰਉਪਦੇਸ਼ ਰਾਹੀਂ ਹੀ ਸਿੱਖ ਨੇ  ਅਧਿਆਤਮਿਕਤਾ ਦੇ ਰਸਤੇ ਨੂੰ ਤੈਅ ਕਰਕੇ ਅਕਾਲ ਪੁਰਖ ਵਿੱਚ ਅਭੇਦ ਹੋਣਾ ਹੈ।

 

ਅਠਾਰਵੀਂ ਸਦੀ ਦੇ ਸਿੱਖ ਸੰਘਰਸ਼ ਸਮੇਂ ਸਿੱਖਾਂ ਨੂੰ ਆਪਣੇ ਘਰ ਬਾਰ ਛੱਡ ਕੇ ਜੰਗਲਾਂ ਅਤੇ ਪਹਾੜਾਂ ਵਿੱਚ ਟਿਕਾਣਾ ਕਰਨਾ ਪਿਆ ਜਿਸ ਕਰਕੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕਾਰਜ ਸੁਚੱਜੇ ਢੰਗ ਨਾਲ ਨਾ ਹੋ ਸਕਿਆ।ਸਿੱਖ ਰਾਜ ਦੀ ਸਮਾਪਤੀ ਤੋਂ ਬਾਅਦ ਪਰਮਾਤਮਾ ਦੀ ਰਹਿਮਤ ਸਦਕਾ ਨਾਮ ਦੇ ਰਸੀ, ਸੇਵਾ ਦੇ ਮੁਜੱਸਮੇ ਬਾਬਾ ਗੁੁਰਮੁਖ ਸਿੰਘ ਜੀ ਨੇ ਅਨੇਕਾਂ ਗੁਰਧਾਮਾਂ ਦੀ ਸੇਵਾ ਕਰਨੀ ਆਰੰਭ ਕੀਤੀ।ਸੇਵਾ ਦਾ ਇਹ ਮਹਾਨ ਕਾਰਜ ਸ਼੍ਰੀ ਅੰਮ੍ਰਿਤਸਰ ਦੇ ਗੁਰਦੁਆਰਿਆਂ ਦੀ ਸੇਵਾ ਤੋਂ ਸ਼ੁਰੂ ਹੋਇਆ।ਵੱਖ-ਵੱਖ ਗੁਰਦੁਆਰਿਆ ਦੀ ਸੇਵਾ ਤੋਂ ਇਲਾਵਾ ਬਾਬਾ ਗੁਰਮੁਖ ਸਿੰਘ ਜੀ ਨੇ ਅੱਠ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਸ਼੍ਰੀ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਇਤਿਹਾਸਿਕ ਗੁਰਦੁਆਰਿਆ ਦੀ ਸੇਵਾ ਵੀ ਕਰਵਾਈ।ਬਾਬਾ ਗੁਰਮੁਖ ਸਿੰਘ ਜੀ ਦੇ ਚਲਾਣੇ ਤੋਂ ਬਾਅਦ ਬਾਬਾ ਝੰਡਾ ਸਿੰਘ ਜੀ ਨੇ ਇਹ ਸੇਵਾਵਾਂ ਨਿਭਾਈਆਂ।ਬਾਬਾ ਝੰਡਾ ਸਿੰਘ ਜੀ ਤੋਂ ਬਾਅਦ ਇਸ ਮਹਾਨ ਸੇਵਾ ਦਾ ਪ੍ਰਬੰਧ ਬਾਬਾ ਉੱਤਮ ਸਿੰਘ ਜੀ ਨੇ ਸੰਭਾਲਿਆ। ਅਕਾਲ ਪੁਰਖ ਦੀ ਕਿਰਪਾ ਨਾਲ ਅਜੋਕੇ ਸਮੇਂ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਸ ਸੇਵਾ ਨੂੰ ਨਿਭਾਅ ਰਹੇ ਹਨ।ਕਾਰ ਸੇਵਾ ਖਡੂਰ ਸਾਹਿਬ ਦੁਆਰਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਿਨਾਂ ਗੁਰਧਾਮਾਂ ਦੀ ਸੇਵਾ ਕਰਵਾਈ ਜਾ ਰਹੀ ਹੈ ਉਨ੍ਹਾਂ ਗੁਰਦੁਆਰਿਆਂ ਦਾ ਸੰਖੇਪ ਇਤਿਹਾਸ ਅਤੇ ਕਾਰ ਸੇਵਾ ਦੀ ਕਾਰਗੁਜਾਰੀ ਹੇਠ ਲਿਖੇ ਅਨੁਸਾਰ ਹੈ।

ਗੁਰਦੁਆਰਾ ਦਰਬਾਰ ਸਾਹਿਬ (ਅੰਗੀਠਾ ਸਾਹਿਬ), ਖਡੂਰ ਸਾਹਿਬ

ਗੁਰਦੁਆਰਾ ਦਰਬਾਰ ਸਾਹਿਬ ਖਡੂਰ ਸਾਹਿਬ ਦਾ ਪ੍ਰਮੁੱਖ ਇਤਿਹਾਸਿਕ ਅਸਥਾਨ ਹੈ।ਸ਼੍ਰੀ ਗੁਰੂ ਅੰਗਦ ਦੇਵ ਜੀ ਜਦੋਂ ਆਪਣੇ ਅੰਦਰਲੀ ਇਲਾਹੀ ਜੋਤ ਨੂੰ ਸ੍ਰੀ ਗੁਰੂ ਅਮਰਦਾਸ ਜੀ ਵਿੱਚ ਟਿਕਾ ਕੇ ਆਪ ਜੋਤੀ-ਜੋਤ ਸਮਾ ਗਏ ਤਾਂ ਆਪ ਜੀ ਦੀ ਪਾਵਨ ਦੇਹ ਦਾ ਅੰਤਿਮ ਸੰਸਕਾਰ ਇਸ ਅਸਥਾਨ ਤੇ ਕੀਤਾ ਗਿਆ।ਇਥੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅੰਗੀਠਾ ਸਾਹਿਬ ਹੈ।ਬਾਬਾ ਅਮਰਦਾਸ ਜੀ ਜਦੋਂ ਇਕ ਸੇਵਕ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੀ ਨਿਸ਼ਕਾਮ ਸੇਵਾ ਕਰਦੇ ਸਨ ਤਾਂ ਇਕ ਦਿਨ ਜਲ ਲਿਆਉਂਦੇ ਸਮੇਂ ਜਿਸ ਕਿੱਲੇ ਨਾਮ ਠੇਡਾ ਲੱਗ ਕੇ ਡਿੱਗੇ ਸਨ,ਉਹ ਕਿੱਲਾ ਵੀ ਇੱਥੇ ਮੌਜੂਦ ਹੈ।ਇੱਥੇ ਹੀ ਗੁਰਦੁਆਰਾ ਥੜਾ ਸਾਹਿਬ ਸਥਿਤ ਹੈ ਜਿੱਥੇ ਬੈਠ ਕੇ ਗੁਰੂ ਅਮਰਦਾਸ ਜੀ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਕਰਦੇ ਸਨ।ਦਰਸ਼ਨੀ ਡਿਓੜੀ ਤੋਂ ਸੱਜੇ ਪਾਸੇ ਬੀਬੀ ਅਮਰੋ ਜੀ ਦਾ ਪੁਰਾਤਨ ਖੂਹ ਵੀ ਮੌਜੂਦ ਹੈ ਜਿਸਦੀ ਸਾਂਭ ਸੰਭਾਲ ਕਰਕੇ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ।ਗੁਰਦੁਆਰਾ ਸਾਹਿਬ ਦੇ ਪਾਸ ਹੀ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇੱਕ ਆਧੁਨਿਕ ਤਕਨੀਕ ਨਾਲ ਲੈਸ ਸਿੱਖ ਮਿਊਜੀਅਮ ਲਗਵਾਇਆ ਗਿਆ ਹੈ।ਗੁਰਦੁਆਰਾ ਸਾਹਿਬ ਦੇ ਅੰਦਰ ਬਾਹਰ ਸੁੰਦਰ ਪਾਰਕਾਂ ਬਣਾਈਆਂ ਗਈਆਂ ਹਨ।ਇਸ ਪਾਵਨ ਅਸਥਾਨ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਗਈ ਹੈ ਅਤੇ ਇਸਦਾ ਪ੍ਰਬੰਧ ਲੋਕਲ ਕਮੇਟੀ,ਸ੍ਰੋ. ਗੁ. ਪ੍ਰ .ਕਮੇਟੀ ਸੰਭਾਲ ਰਹੀ ਹੈ।ਇੱਥੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸੁੰਦਰ ਦਰਬਾਰ ਸਾਹਿਬ, ਭਾਈ ਜੋਧ ਜੀ ਹਾਲ, ਸਰਾਵਾਂ ਅਤੇ ਗੁਰਦੁਆਰਾ ਥੜਾ ਸਾਹਿਬ ਦੇ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਗਈ ਹੈ।

ਗੁਰਦੁਆਰਾ ਤਪਿਆਣਾ ਸਾਹਿਬ, ਖਡੂਰ ਸਾਹਿਬ-

ਸਥਾਨਿਕ ਰਵਾਇਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇਸ ਅਸਥਾਨ ਤੇ ਆਏ।ਇੱਥੇ ਹੀ ਭਾਈ ਬਾਲਾ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਦੱਸੀਆਂ ਗਈਆਂ ਘਟਨਾਵਾਂ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਪੈੜ੍ਹਾ ਮੋਖਾ ਜੀ ਪਾਸੋਂ ਜਨਮ ਸਾਖੀ ਦੇ ਰੂਪ ਵਿੱਚ ਲਿਖਵਾਇਆ। ਗੁਰਦੁਆਰਾ ਸਾਹਿਬ ਦੇ ਦਰਬਾਰ ਨੇੜੇ ਇੱਕ ਥੜ੍ਹਾ ਮੌਜੂਦ ਹੈ , ਜੋ ਭਾਈ ਬਾਲਾ ਜੀ ਦਾ ਸਸਕਾਰ ਅਸਥਾਨ ਹੈ। ਦਰਬਾਰ ਸਾਹਿਬ ਦੇ ਸਾਹਮਣੇ ਸੁੰਦਰ ਸਰੋਵਰ ਸੁਸ਼ੋਭਿਤ ਹੈ, ਜਿਸਦੇ ਆਲੇ-ਦੁਆਲੇ ਪਰਕਰਮਾਂ ਵਿੱਚ ਕਈ ਪ੍ਰਕਾਰ ਦੇ ਬੂਟੇ ਲਗਾਏ ਗਏ ਹਨ ਜੋ ਗੁਰਦੁਆਰਾ ਸਾਹਿਬ ਦੇ ਦ੍ਰਿਸ਼ ਨੂੰ ਹੋਰ ਵੀ ਮਨਮੋਹਕ ਬਣਾਉਂਦੇ ਹਨ। ਸਰੋਵਰ ਦੇ ਦੂਜੇ ਪਾਸੇ ਗੁਰਦੁਆਰਾ ਤਪ ਅਸਥਾਨ ਸਾਹਿਬ ਸਥਿਤ ਹੈ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਥੇ ਦਰਬਾਰ ਸਾਹਿਬ, ਸਰੋਵਰ, ਦੀਵਾਨ ਹਾਲ, ਪ੍ਰਕਰਮਾਂ ਅਤੇ ਬਰਾਂਡਿਆਂ ਦੀ ਸੇਵਾ ਕਰਵਾਈ ਗਈ ਹੈ। ਗੁਰਦੁਆਰਾ ਤਪਿਆਣਾ ਸਾਹਿਬ ਦੇ ਨੇੜੇ ਹੀ ਬਹੁਤ ਸੁੰਦਰ ਅਤੇ ਵਿਸ਼ਾਲ ਮਾਤਾ ਖੀਵੀ ਜੀ ਲੰਗਰ ਹਾਲ ਹੈ। ਇਸ ਤੋਂ ਇਲਾਵਾ ਪੁਰਾਤਨ ਬਾਰਾਂਦਰੀ ਅਤੇ ਪੁਰਾਤਨ ਖੂਹੀ ਵੀ ਮੌਜੂਦ ਹੈ, ਜਿਸਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾ ਰਹੀ ਹੈ।

ਗੁਰਦੁਆਰਾ ਮਾਈ ਭਰਾਈ ਜੀ, ਖਡੂਰ ਸਾਹਿਬ

ਇਹ ਅਸਥਾਨ ਗੁਰੂ ਅੰਗਦ ਦੇਵ ਜੀ ਦੀ ਭੂਆ ਮਾਈ ਭਰਾਈ ਜੀ ਦਾ ਘਰ ਸੀ।ਗੁਰੂ ਨਾਨਕ ਦੇਵ ਜੀ ਦੇ ਹੁਕਮ ਨੂੰ ਮੰਨਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਿਆਈ ਦੀ ਬਖਸ਼ਿਸ਼ ਪ੍ਰਾਪਤ ਕਰਨ ਉਪਰੰਤ ਖਡੂਰ ਸਾਹਿਬ ਨੂੰ ਸਿੱਖੀ ਪ੍ਰਚਾਰ-ਪ੍ਰਸਾਰ ਦਾ ਕੇਂਦਰ ਬਣਾਇਆ। ਮਾਈ ਭਰਾਈ ਜੀ ਦੇ ਗ੍ਰਹਿ ਵਿਖੇ ਆ ਕੇ ਆਪ ਜੀ ਨੇ ਇਕਾਂਤ ਵਿੱਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਫੈਸਲਾ ਕੀਤਾ। ਸੰਗਤਾਂ ਜਦੋਂ ਆਪ ਜੀ ਦੇ ਦਰਸ਼ਨਾਂ ਲਈ ਵਿਆਕੁਲ ਹੋਣ ਲੱਗੀਆਂ ਤਾਂ ਬਾਬਾ ਬੁੱਢਾ ਜੀ ਦੁਆਰਾ ਬੇਨਤੀ ਕਰਨ ਤੇ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ।ਗੁਰੂ ਅੰਗਦ ਦੇਵ ਜੀ ਲਹਭਗ 6 ਮਹੀਨੇ ਇਸ ਅਸਥਾਨ ਤੇ ਰਹੇ। ਇਸ ਅਸਥਾਨ ਤੇ ਦਰਬਾਰ ਸਾਹਿਬ ਦੀ ਸੇਵਾ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤੀ ਗਈ ਅਤੇ ਹੁਣ ਸਰਾਂ ਦੀ ਸੇਵਾ ਚੱਲ ਰਹੀ ਹੈ।

ਗੁਰਦੁਆਰਾ ਚੁਬੱਚਾ ਸਾਹਿਬ ਪਾ 5ਵੀਂ, ਮੰਡਾਲਾ (ਤਰਨ ਤਾਰਨ ਸਾਹਿਬ)-

ਇਹ ਪਾਵਨ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ। ਜਦੋਂ ਗੁਰੂ ਜੀ ਗੋਇੰਦਵਾਲ ਸਾਹਿਬ ਤੋੰ ਬਾਬਾ ਮੋਹਨ ਜੀ ਪਾਸੋਂ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਤਾਂ ਰਸਤੇ ਵਿੱਚ ਇਸ ਅਸਥਾਨ ਤੇ ਠਹਿਰੇ। ਇਥੇ ਪੁਰਾਤਨ ਖੂਹੀ ਵੀ ਮੌਜ਼ੂਦ ਹੈ। ਗੁਰੂ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਇਥੋਂ ਤਰਨ ਤਾਰਨ ਸਾਹਿਬ ਪਹੁੰਚੇ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਸ ਅਸਥਾਨ ਤੇ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਗਈ ਅਤੇ ਹੁਣ ਦੀਵਾਨ ਹਾਲ ਦੀ ਸੇਵਾ ਚੱਲ ਰਹੀ ਹੈ।

ਗੁਰਦੁਆਰਾ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ (ਗੁਰਦਾਸਪੁਰ)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਇਹ ਗੁਰ-ਅਸਥਾਨ ਹਿੰਦ-ਪਾਕਿ ਬਾਰਡਰ ਤੋਂ ਲਗਭਗ 1 ਕਿ.ਮੀ ਉਰਾਰ ਹੈ। ਇਥੇ ਗੁਰੂ ਜੀ ਦੇ ਸਹੁਰੇ ਪਿੰਡ ਪੱਖੋਕੇ ਰੰਧਾਵੇ ਦੇ ਚੌਧਰੀ ਬਾਬਾ ਅਜਿਤੇ ਰੰਧਾਵੇ ਦਾ ਖੂਹ ਸੀ। ਜਨਮ ਸਾਖੀ ਸਾਹਿਤ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਉਪਰੰਤ ਇਸ ਖੂਹ ਕੋਲ ਆ ਕੇ ਬੈਠੇ। ਜਦੋਂ ਗੁਰੂ ਜੀ ਦੇ ਆਉਣ ਦੀ ਖਬਰ ਸੰਗਤਾਂ ਤੱਕ ਪੁੱਜੀ ਤਾਂ ਬੇਅੰਤ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚੀਆਂ। ਬਾਬਾ ਅਜਿੱਤੇ ਰੰਧਾਵੇ ਨੇ ਵੀ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਵੀਚਾਰ ਚਰਚਾ ਕੀਤੀ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਸ ਪਾਵਨ ੳਸਥਾਨ ਤੇ ਸਰੋਵਰ, ਲੰਗਰ ਹਾਲ, ਦੀਵਾਨ ਹਾਲ, ਸਰਾਵਾਂ ਅਤੇ ਕਾਰ ਪਾਰਕਿੰਗ ਦੀ ਸੇਵਾ ਕਰਵਾਈ ਗਈ। ਦਰਬਾਰ ਸਾਹਿਬ ਦੀ ਕਾਰ ਸੇਵਾ ਮੁਕੰਮਲ ਹੋ ਚੁੱਕੀ ਹੈ। ਨਵੇਂ ਤਿਆਰ ਕੀਤੇ ਗਏ ਦਰਬਾਰ ਸਾਹਿਬ ਦੀ ਆਰੰਭਤਾ ਨੂੰ ਸਮਰਪਿਤ 21 ਫਰਵਰੀ 2022 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਅਤੇ 23 ਫਰਵਰੀ 2022  ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਰਬਾਰ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ। ਹਰ ਸਾਲ ਮਾਰਚ ਮਹੀਨੇ ਦੀ 4 ਤਰੀਕ ਨੂੰ ਸਲਾਨਾ ਜੋੜ ਮੇਲਾ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀਆਂ ਹਨ।

ਗੁਰਦੁਆਰਾ ਸਤਿਕਰਤਾਰੀਆਂ ਪਾ: 6ਵੀਂ, ਬਟਾਲਾ (ਗੁਰਦਾਸਪੁਰ)-

ਇਹ ਪਾਵਨ ਅਸਥਾਨ ਬਾਬਾ ਗੁਰਦਿੱਤਾ ਜੀ ਦਾ ਵਿਆਹ ਅਸਥਾਨ ਹੈ।ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮੱਲ ਜੀ ਦੀ ਸਪੁੱਤਰੀ ਬੀਬੀ ਅਨੰਦੀ ਜੀ ਨਾਲ ਇਸੇ ਅਸਥਾਨ ਤੇ ਹੋਇਆ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇੱਥੇ ਦਰਸ਼ਨੀ ਡਿਓੜੀ, ਲੰਗਰ ਹਾਲ, ਪਰਕਰਮਾ ਅਤੇ ਕਾਰ ਪਾਰਕਿੰਗ ਦੀ ਸੇਵਾ ਕਰਵਾਈ ਗਈ।ਇਸਤੋਂ ਇਲਾਵਾ ਦੀਵਾਨ ਹਾਲ ਉਸਾਰੀ ਅਧੀਨ ਹੈ।

ਗੁਰਦੁਆਰਾ ਡੇਰਾ ਸਾਹਿਬ,ਬਟਾਲਾ (ਗੁਰਦਾਸਪੁਰ)-

ਇਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰਾ ਭਾਈ ਮੂਲ ਚੰਦ ਜੀ ਦਾ ਘਰ ਅਤੇ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਹੈ।ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ।ਇਸ ਅਸਥਾਨ ਤੇ ਪੁਰਾਤਨ ਖੂਹੀ ਹੁਣ ਵੀ ਮੌਜੂਦ ਹੈ।ਕਾਰ ਸੇਵਾ ਖਡੂਰ ਸਾਹਿਬ ਵੱਲੋ ਇੱਥੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਤਿਆਰ ਕੀਤੀ ਗਈ ਅਤੇ ਹੋਰ ਸੇਵਾਵਾਂ ਚੱਲ ਰਹੀਆਂ ਹਨ।

ਗੁਰਦੁਆਰਾ ਪਾ:5 ਓਠੀਆਂ (ਗੁਰਦਾਸਪੁਰ):-

ਇਹ ਪਾਵਨ ਅਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਹੈ। ਬਾਬਾ ਸ੍ਰੀ ਚੰਦ ਜੀ ਨੂੰ ਮਿਲ ਕੇ ਜਦੋਂ ਗੁਰੂ ਅਰਜਨ ਦੇਵ ਜੀ ਸੰਗਤਾਂ ਸਮੇਤ ਬਾਰਠ ਸਾਹਿਬ ਤੋਂ ਰਵਾਨਾ ਹੋਏ ਤਾਂ ਰਸਤੇ ਵਿੱਚ ਗੁਰਦੁਆਰਾ ਬੁਰਜ ਸਾਹਿਬ ਠਹਿਰਨ ਤੋਂ ਬਾਅਦ ਇਸ ਜਗ੍ਹਾ ਤੇ ਪਿੱਪਲ ਦੇ ਦਰੱਖਤ ਹੇਠ ਵਿਸ਼ਰਾਮ ਕੀਤਾ। ਪਾਣੀ ਦੀ ਕਿਲਤ ਨੂੰ ਦੂਰ ਕਰਦਿਆਂ ਗੁਰੂ ਜੀ ਨੇ ਇਥੇ ਅੱਠ ਨੁਕਰਾਂ ਵਾਲਾ ਖੂਹ ਲਗਵਾਇਆ ਜਿਸਨੂੰ ਹੁਣ ਸੁੰਦਰ ਦਿਖ ਪ੍ਰਦਾਨ ਕੀਤੀ ਗਈ ਹੈ। ਇਲਾਕੇ ਦੀਆਂ ਬੇਅੰਤ ਸੰਗਤਾਂ ਖੂਹ ਅਤੇ ਸਰੋਵਰ ਦੇ ਪਾਵਨ ਜਲ ਰਾਹੀਂ ਆਪਣੇ ਸਰੀਰ ਦੇ ਰੋਗ ਦੂਰ ਕਰਦੀਆਂ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਸ ਅਸਥਾਨ ਤੇ ਸੁੰਦਰ ਦਰਬਾਰ ਸਾਹਿਬ, ਦਰਸ਼ਨੀ ਡਿਓੜੀ ਅਤੇ ਲੰਗਰ ਹਾਲ ਦੀ ਸੇਵਾ ਕਰਵਾਈ ਗਈ ਹੈ।

ਗੁਰਦੁਆਰਾ ਕੋਠੜੀ ਸਾਹਿਬ, ਬਾਬਾ ਬੁੱਢਾ ਜੀ ਸ਼ਾਹਪੁਰ ਜਾਜਨ (ਗੁਰਦਾਸਪੁਰ):-

ਇਹ ਅਸਥਾਨ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਜੀ ਨਾਲ ਸੰਬੰਧਿਤ ਹੈ। ਦਿਨ ਸਮੇਂ ਪਸ਼ੂ ਚਾਰਨ ਤੋਂ ਬਾਅਦ ਬਾਬਾ ਜੀ ਇਸ ਅਸਥਾਨ ਤੇ ਟਿਕਾਣਾ ਕਰਦੇ ਸਨ। ਇਥੇ ਇੱਕ ਛੋਟੀ ਜਿਹੀ ਕੋਠੜੀ ਸੀ ਜਿੱਥੇ ਆਪ ਪ੍ਰਮਾਤਮਾ ਦੀ ਬੰਦਗੀ ਕਰਦੇ। ਬਾਬਾ ਬੁੱਢਾ ਜੀ ਤੋਂ ਬਾਅਦ ਇਨ੍ਹਾਂ ਦੀ ਅੰਸ-ਬੰਸ ਵਿੱਚੋਂ ਭਾਈ ਸ਼ਾਮ ਸਿੰਘ ਜੀ ਨੇ ਇੱਥੇ ਆ ਕੇ ਇਸ ਅਸਥਾਨ ਨੂੰ ਪ੍ਰਗਟ ਕੀਤਾ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਸ ਅਸਥਾਨ ਤੇ ਸੁੰਦਰ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਗਈ ਅਤੇ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ।

ਗੁਰਦੁਆਰਾ ਚੋਲਾ ਸਾਹਿਬ ਪਾ: 9 ਪਿੰਡ ਕਾਲੇਕੇ (ਅੰਮ੍ਰਿਤਸਰ):-

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਦੇ ਦਰਸ਼ਨਾਂ ਤੋਂ ਬਾਅਦ ਸੰਗਤਾਂ ਨੂੰ ਗੁਰ-ਉਪਦੇਸ਼ ਦਿੰਦੇ ਹੋਏ ਇਸ ਅਸਥਾਨ ਤੇ ਆਏ ਸਨ। ਇਥੇ ਗੁਰੂ ਜੀ ਨੂੰ ‘ਨਾਰ’ੂ ਨਾਮ ਦਾ ਇੱਕ ਬਾਲਕ ਮਿਲਿਆ ਜੋ ਗੁਰਬਾਣੀ ਨਾਲ ਜੁੜਿਆ ਹੋਇਆ ਅਤੇ ਸਦਗੁਣਾ ਨਾਲ ਭਰਪੂਰ ਸੀ। ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਤੱਕ ਇਹ ਬਾਲਕ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਰਿਹਾ। ਗਰੁੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਭਾਈ ਨਾਰੂ ਤੋਂ ‘ਨਰ ਸਿੰਘ’ ਬਣਿਆ। ਇਸਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਤੀਰ ਦੀ ਮੁਖੀ ਨਾਲ ਕੀਤੇ ਆਪਣੇ ਦਸਤਖਤ ਅਤੇ ਆਪਣੇ ਤਨ ਦਾ ਚੋਲਾ ਬਖਸ਼ਿਸ਼ ਕੀਤਾ ਜੋ ਅੱਜ ਵੀ ਇਸ ਪਾਵਨ ਅਸਥਾਨ ਤੇ ਸੁਭਾਇਮਾਨ ਹੈ। ਇਸ ਅਸਥਾਨ ਤੇ 28-29 ਮਾਰਚ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਥੇ ਆਲੀਸ਼ਾਨ ਦਰਬਾਰ ਸਾਹਿਬ, ਸਰੋਵਰ, ਚਾਰ ਦੀਵਾਰੀ ਅਤੇ ਪੁਰਾਤਨ ਖੂਹੀ ਦੀ ਸੇਵਾ ਕੀਤੀ ਗਈ ਹੈ।

ਗੁਰਦੁਆਰਾ ਸਤਲਾਣੀ ਸਾਹਿਬ ਪਾ: 6 ਅੰਮ੍ਰਿਤਸਰ

ਇਹ ਪਾਵਨ ਅਸਥਾਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਗੁਰੂ ਸਾਹਿਬ ਜੀ ਭੜਾਣਾ ਦੇ ਰਸਤੇ ਤੋਂ ਹੁੰਦੇ ਹੋਏ ਇਥੇ ਪਹੁੰਚੇ ਅਤੇ ਬਾਹਰਵਾਰ ਪੜਾਅ ਕੀਤਾ। ਗੁਰੂ ਜੀ ਨੇ ਅਪਾਣਾ ਘੋੜਾ ਪਲਾਹ ਦੇ ਰੁੱਖ ਨਾਲ ਬੰਨ੍ਹਿਆਂ ਅਤੇ ਆਪ ਪਿੱਪਲ ਦੇ ਦਰੱਖਤ ਹੇਠਾ ਵਿਸ਼ਰਾਮ ਕੀਤਾ। ਇਸ ਸਮੇਂ ਪ੍ਰਮੁੱਖ ਸਿੱਖ ਅਤੇ ਬੀਬੀ ਕੌਲਾਂ ਜੀ ਆਪ ਜੀ ਨਾਲ ਸਨ। ਇਥੇ ਪਾਣੀ ਦੀ ਘਾਟ ਸੀ ਕਿਉਂਕਿ ਇੱਕ ਢਾਬ ਵਿਚਲੇ ਜਲ ਨੂੰ ਪਸ਼ੂਆਂ ਨੇ ਮਲੀਨ ਕੀਤਾ ਹੋਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਕਿਰਪਾ ਨਾਲ ਇਸ ਢਾਬ ਦੇ ਜਲ ਨੂੰ ਪਵਿੱਤਰ ਕੀਤਾ ਅਤੇ ਬਚਨ ਕੀਤਾ ਕਿ ਇਥੇ ਇਸ਼ਨਾਨ ਕਰਨ ਨਾਲ ਰੋਗੀਆਂ ਦੇ ਰੋਗ ਦੂਰ ਹੋਣਗੇ। ਅਨੇਕਾਂ ਸੰਗਤਾਂ ਇਸ ਅਸਥਾਨ ਤੇ ਨਤਮਸਤਕ ਹੋ ਕੇ ਨਿਹਾਲ ਹੁੰਦੀਆਂ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਲਈ ਦਫਤਰ ਬਣਾਇਆ ਗਿਆ ਹੈ ਅਤੇ ਬਰਾਂਡਿਆਂ, ਪ੍ਰਕਰਮਾਂ ਦੀ ਸੇਵਾ ਚੱਲ ਰਹੀ ਹੈ। ਇਸ ਅਸਥਾਨ ਤੇ ਜੰਗਲ ਪ੍ਰੋਜੈਕਟ ਅਧੀਨ ਕੁਦਰਤੀ ਜੀਵਾਂ ਦਾ ਰੈਣ ਬਸੇਰਾ ਤੇ ਕੁਦਰਤ ਦੀ ਸੰਭਾਲ ਕਰਦਾ ਜੰਗਲ ਲਗਵਾਇਆ ਹੈ। ਹਰ ਮਹੀਨੇ ਮੱਸਿਆ, ਸੰਗਰਾਂਦ ਤੇ ਸੰਗਤਾਂ ਦਾ ਵਿਸ਼ਾਲ ਇਕੱਠ ਹੁੰਦਾਹੈ ਅਤੇ 25-26 ਅਕਤੂਬਰ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ।

ਗੁਰਦੁਆਰਾ ਬਾਉਲੀ ਸਾਹਿਬ, ਨਡਾਲਾ (ਕਪੂਰਥਲਾ)-

ਇਹ ਪਾਵਨ ਅਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ।ਕਰਤਾਰਪੁਰ ਦੀ ਜੰਗ ਤੋਂ ਪਹਿਲਾਂ ਗੁਰੂ ਜੀ ਹਰਗੋਬਿੰਦਪੁਰ ਤੋਂ ਕਰਤਾਰਪੁਰ ਨੂੰ ਜਾਂਦੇ ਸਮੇਂਇਸ ਸਥਾਨ ਤੇ ਠਹਿਰੇ ਸਨ। ਗੁਰੂ ਜੀ ਨੇ ਪਿੰਡ ਦੇ ਬਾਹਰ ਉੱਚੀ ਥਾਂ ਤੇ ਡੇਰਾ ਲਾਇਆ ਜਿੱਥੇ ਹੁਣ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਜੋ ਫੌਜ ਸੀ ਉਸਨੇ ਥੋੜੀ ਦੂਰ ਟਿਕਾਣਾ ਕੀਤਾ।ਇੱਥੇ ਇੱਕ ਖੂਹ ਸੀ ਜਿੱਥੇ ਹੁਣ ਪਵਿੱਤਰ ਬਾਉਲੀ ਬਣੀ ਹੋਈ ਹੈ।ਇਸ ਅਸਥਾਨ ਨੂੰ ਗੁਰਦੁਆਰਾ ਬਾਉਲੀ ਸਾਹਿਬ ਕਹਿੰਦੇ ਹਨ।ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰਦੁਆਰਾ ਤੰਬੂ ਸਾਹਿਬ ਦੇ ਦਰਬਾਰ ਸਾਹਿਬ ਅਤੇ ਦਰਸ਼ਨੀ ਡਿਓੜੀ ਦੇ ਨਾਲ ਨਾਲ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਲੰਗਰ ਹਾਲ, ਦਰਸ਼ਨੀ ਡਿਓੜੀ ਅਤੇ ਪਾਣੀ ਵਾਲੀ ਟੈਂਕੀ ਦੀ ਸੇਵਾ ਕੀਤੀ ਗਈ ਹੈ।

ਗੁਰਦੁਆਰਾ ਨਿਵਾਸ ਅਤੇ ਵਿਆਹ ਅਸਥਾਨ ਮਾਤਾ ਗੁਜਰ ਕੌਰ ਜੀ,ਕਰਤਾਰਪੁਰ (ਜਲੰਧਰ)-

ਇਸ ਪਾਵਨ ਅਸਥਾਨ ਤੇ ਮਾਤਾ ਗੁਜਰ ਕੌਰ ਜੀ ਦੇ ਪਿਤਾ ਭਾਈ ਲਾਲ ਚੰਦ ਜੀ ਅਤੇ ਮਾਤਾ ਬਿਸ਼ਨ ਕੌਰ ਜੀ ਆਪਣੇ ਪਰਿਵਾਰ ਸਮੇਤ ਨਿਵਾਸ ਕਰਦੇ ਸਨ।ਇੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਬੀਬੀ ਗੁਜਰੀ ਜੀ (ਮਾਤਾ ਗੁਜਰ ਕੌਰ ਜੀ) ਨਾਲ ਹੋਇਆ।ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇੱਥੇ ਸੁੰਦਰ ਦਰਬਾਰ ਸਾਹਿਬ ਦੀ ਸੇਵਾ ਕੀਤੀ ਗਈ ਅਤੇ ਹੋਰ ਸੇਵਾ ਚੱਲ ਰਹੀ ਹੈ।

ਗੁਰਦੁਆਰਾ ਗੁਰੂਸਰ ਜਲਾਲ, ਬਠਿੰਡਾ

ਇਹ ਪਾਵਨ ਅਸਥਾਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ।ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਜੀ ਮਾਛੀਵਾੜੇ ਅਤੇ ਦੀਨਾ ਕਾਂਗੜ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚੇ ਸਨ। ਇੱਥੇ ਪਹੁੰਚ ਕੇ ਗੁਰੂ ਜੀ ਨੇ ਜਿਸ ਜੰਡ ਨਾਲ ਘੋੜਾ ਬੰਨਿਆਂ ਉਹ ਅੱਜ ਵੀ ਮੌਜੂਦ ਹੈ।ਕਾਰ ਸੇਵਾ ਖਡੂਰ ਸਾਹਿਬ ਵੱਲੋਂਇਸ ਅਸਥਾਨ ਤੇ ਦਰਬਾਰ ਸਾਹਿਬ, ਲੰਗਰ ਹਾਲ ਅਤੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਦਰਸ਼ਨੀ ਡਿਓੜੀ ਦੀ ਸੇਵਾ ਚੱਲ ਰਹੀ ਹੈ।ਇੱਥੇ ਮਾਘੀ ਦਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾਂਦਾ ਹੈ।

ਗੁਰਦੁਆਰਾ ਗੁੰਗਸਰ ਸਾਹਿਬ ਪਾ: 10 ਬਠਿੰਡਾ

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਤੇ ਆਪਣੇ ਚਰਨ ਪਾ ਕੇ ਇਸਨੂੰ ਪਵਿੱਤਰ ਕੀਤਾ।ਗੁਰੂ ਸਾਹਿਬ ਜੀ ਨੇ ਇੱਥੇ ਇੱਕ ਗੂੰਗੇ ਬਾਲਕ ਨੂੰ ਜੁਬਾਨ ਬਖਸਿਸ ਕੀਤੀ। ਇਸ ਪਿੰਡ ਦਾ ਪਹਿਲਾ ਨਾਮ ‘ਕੋਠਾ ਸੋਢੀਆਂ ਦਾ’ ਸੀ ਪਰ ਦਸਮੇਸ਼ ਪਿਤਾ ਜੀ ਨੇ ਇੱਥੇ ਆ ਕੇ ਬਚਨ ਕੀਤਾ ਕਿ ਹੁਣ ਤੋਂ ਇਸ ਪਿੰਡ ਦਾ ਨਾਮ ‘ਕੋਠਾ ਗੁਰੂ ਕਾ’ ਹੋਵੇਗਾ।ਗੁਰਦੁਆਰਾ ਗੁੰਗਸਰ ਸਾਹਿਬ ਨਥਾਣਾ ਰੋਡ ਤੇ ਸਥਿਤ ਹੈ। ਕਲਗੀਧਰ ਦਸਮੇਸ਼ ਪਿਤਾ ਜੀ ਦੀ ਕਿਰਪਾ ਸਦਕਾ ਅੱਜ ਵੀ ਇਥੇ ਕਈ ਗੂੰਗੇ ਬੱਚਿਆਂ ਤੇ ਜ਼ੁਬਾਨ ਦੀ ਬਖਸ਼ਿਸ਼ ਹੁੰਦੀ ਹੈ। ਮੱਸਿਆ ਵਾਲੇ ਦਿਨ ਇਸ ਪਾਵਨ ਅਸਥਾਨ ’ਤੇ ਬੇਅੰਤ ਸੰਗਤਾਂ ਹਾਜ਼ਰੀ ਭਰਦੀਆਂ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਥੇ ਸੁੰਦਰ ਦਰਬਾਰ ਸਾਹਿਬ, ਸਰੋਵਰ ਅਤੇ ਪਰਕਰਮਾਂ ਦੀ ਸੇਵਾ ਕੀਤੀ ਗਈ। ਇਸ ਤੋਂ ਇਲਾਵਾ ਲੰਗਰ ਹਾਲ ਦੀ ਸੇਵਾ ਚੱਲ ਰਹੀ ਹੈ।

ਗੁਰਦੁਆਰਾ ਚਰਨ ਕਮਲ ਸਾਹਿਬ ਪਾ:10ਵੀਂ , ਨਰਾਇਣਾ (ਰਾਜਸਥਾਨ)-

ਇਹ ਪਾਵਨ ਅਸਥਾਨ ਰਾਜਸਥਾਨ ਦੇ ਜਿਲ੍ਹਾ ਜੈਪੁਰ ਵਿੱਚ ਪੈਂਦੇ ਨਗਰ ਨਰਾਇਣਾ ਵਿਖੇ ਸੁਸ਼ੋਭਿਤ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਨਾਂਦੇੜ ਵੱਲ ਜਾ ਰਹੇ ਸਨ ਤਾਂ ਦਾਦੂ ਸੰਪ੍ਰਦਾਇ ਦੇ ਮਹੰਤ ਜੈਤ ਰਾਮ ਜੀ ਦੀ ਬੇਨਤੀ ਸਵੀਕਾਰ ਕਰਕੇ ਗੁਰੂ ਸਾਹਿਬ ਜੀ ਸੰਗਤਾਂ ਸਮੇਤ 13 ਦਿਨ ਇਥੇ ਠਹਿਰੇ। ਇਤਿਹਾਸ ਮੁਤਾਬਕ ਗੁਰੂ ਗੋਬਿੰਦ  ਸਿੰਘ ਜੀ ਨੇ ਖਾਲਸਾ ਪੰਥ ਦੀ ਪ੍ਰੀਖਿਆ ਲੈਣ ਲਈ ਦਾਦੂ ਜੀ ਦੀ ਸਮਾਧ ਤੇ ਤੀਰ ਝੁਕਾਇਆ। ਇਸ ਕਰਕੇ ਪੰਥ ਵੱਲੋਂ ਲਗਾਈ ਸੇਵਾ ਵੀ ਗੁਰੂ ਜੀ ਨੇ ਪ੍ਰਵਾਨ ਕੀਤੀ।ਇਸ ਸਮੇਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਖਾਲਸਾ ਪੰਥ ਨੇ ਗੁਰਮਤਿ ਅਨੁਸਾਰ ਆਪਣਾ ਫ਼ੳਮਪ;ਰਜ਼ ਨਿਭਾਇਆ ਹੈ ਅਤੇ ਖਾਲਸਾ ਪ੍ਰੀਖਿਆਂ ਵਿੱਚੋਂ ਮੁਕੰਮਲ ਤੌਰ ਤੇ ਸਫ਼ੳਮਪ;ਲ ਹੋਇਆ ਹੈ। ਇਸ ਅਸਥਾਨ ਤੇ ਹਰੇਕ ਸਾਲ ਮਾਰਚ ਦੇ ਆਖਰੀ ਐਤਵਾਰ ਨੂੰ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ।ਜਿਸ ਵਿੱਚ ਬੇਅੰਤ ਸੰਗਤਾਂ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਕਾਰ ਸੇਵਾ ਖਡੂਰ ਸਾਹਿਬ ਵੱਲੋਂ ਇਸ ਪਵਿੱਤਰ ਅਸਥਾਨ ’ਤੇ ਸੁੰਦਰ ਦਰਬਾਰ ਸਾਹਿਬ, ਬਰਾਂਡਾ, ਸਰਾਵਾਂ ਅਤੇ ਲੰਗਰ ਹਾਲ ਦੀ ਸੇਵਾ ਕੀਤੀ ਗਈ ਹੈ। ਪੁਰਾਤਨ ਦਰਬਾਰ ਸਾਹਿਬ ਦੀ ਸਾਂਭ-ਸੰਭਾਂਲ ਵੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰੋਵਰ ਦੀ ਕਾਰ ਸੇਵਾ ਵੀ ਸੰਪੂਰਨ ਹੋ ਚੁੱਕੀ ਹੈ।27 ਮਾਰਚ 2022 ਨੂੰ ਵੱਖ-ਵੱਖ ਪੰਜ ਇਤਿਹਾਸਿਕ ਸਰੋਵਰਾਂ ਤੋਂ ਲਿਆਂਦਾ ਜਲ ਗੁਰਦੁਆਰਾ ਸਾਹਿਬ ਜੀ ਦੇ ਇਸ ਨਵੇਂ ਤਿਆਰ ਹੋਏ ਸਰੋਵਰ ‘ਚ ਪਾ ਕੇ ਇਸਦੀ ਆਰੰਭਤਾ  ਕੀਤੀ ਜਾ ਰਹੀ ਹੈ। 2019 ਈ: ਵਿੱਚ ਇੱਥੇ ਗੁਰੂ ਗੋਬਿੰਦ ਸਿੰਘ ਜੀ ਅਜਾਇਬ ਘਰ ਦਾ ਉਦਘਾਟਨ ਕੀੇਤਾ ਗਿਆ ਜਿਸਦੀ ਉਸਾਰੀ ਵਿੱਚ ਰਾਜਸਥਾਨ ਸਰਕਾਰ ਨੇ 2 ਕਰੋੜ ਰੁਪਏ ਦਾ ਯੋਗਦਾਨ ਪਾਇਆ।

ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾ ਗਵਾਲੀਅਰ,ਪਾ:6 ਵੀਂ (ਮੱਧ ਪ੍ਰਦੇਸ)-

ਇਸ ਪਾਵਨ ਅਸਥਾਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਜਹਾਂਗੀਰ ਦੀ ਕੈਦ ਵਿੱਚ ਕੈਦੀ 52 ਰਾਜਿਆਂ ਨੂੰ ਰਿਹਾਅ ਕਰਵਾਇਆ ਜਿਸ ਕਰਕੇ ਗੁਰੂ ਜੀ ਨੂੰ ਦਾਤਾ ਬੰਦੀ ਛੋੜ ਦੇ ਨਾਮ ਨਾਲ ਸਤਿਕਾਰਿਆ ਜਾਣ ਲੱਗਾ।ਗੁਰੂ ਹਰਿਗੋਬਿੰਦ ਸਾਹਿਬ ਜੀ ਅੱਸੂ ਦੇ ਮਹੀਨੇ ਇਸ ਕਿਲੇ ਤੋਂ ਰਵਾਨਾ ਹੋਏ ਅਤੇ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਇੱਥੇ ਅੱਸੂ ਦੀ ਮੱਸਿਆ ਤੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ।ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਦੇ ਕਿਲੇ ਤੇ ਸਥਿਤ ਹੈ। ਇਸ ਪਾਵਨ ਅਸਥਾਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਨੇ ਜਹਾਂਗੀਰ ਦੀ ਕੈਦ ਵਿੱਚ ਕੈਦੀ 52 ਰਾਜਿਆਂ ਨੂੰ ਰਿਹਾਅ ਕਰਵਾਇਆ ਜਿਸ ਕਰਕੇ ਗੁਰੂ ਜੀ ਨੂੰ ਦਾਤਾ ਬੰਦੀ ਛੋੜ ਦੇ ਨਾਮ ਨਾਲ ਸਤਿਕਾਰਿਆ ਜਾਣ ਲੱਗਾ।ਗੁਰੂ ਹਰਿਗੋਬਿੰਦ ਸਾਹਿਬ ਜੀ ਅੱਸੂ ਦੇ ਮਹੀਨੇ ਇਸ ਕਿਲੇ ਤੋਂ ਰਵਾਨਾ ਹੋਏ ਅਤੇ ਦੀਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦਿਆਂ ਇੱਥੇ ਅੱਸੂ ਦੀ ਮੱਸਿਆ ਤੇ ਸਲਾਨਾ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ।ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਦੇ ਕਿਲੇ ਤੇ ਸਥਿਤ ਹੈ।ਇਸ ਪਾਵਨ ਅਸਥਾਨ ਦੀ ਨਿਸ਼ਾਨਦੇਹੀ ਕਰਕੇ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਛੇ ਮੰਜਲਾਂ ਆਲੀਸ਼ਾਨ ਦਰਬਾਰ ਸਾਹਿਬ, ਸਰਾਵਾਂ, ਦੀਵਾਨ ਹਾਲ, ਮਿਊਜੀਅਮ, ਦਰਸ਼ਨੀ ਡਿਓੜੀ ਅਤੇ ਲੰਗਰ ਹਾਲ ਦੀ ਸੇਵਾ ਕਰਵਾਈ ਗਈ ।ਇਸਤੋਂ ਇਲਾਵਾ ਬਾਬਾ ਬੁੱਢਾ ਜੀ ਯਾਤਰੀ ਨਿਵਾਸ ਦੀ ਸੇਵਾ ਚੱਲ ਰਹੀ ਹੈ।

ਇਸ ਪ੍ਰਕਾਰ ਅਕਾਲ ਪੁਰਖ ਦੀ ਕਿਰਪਾ ਅਤੇ ਬਾਬਾ ਗੁਰਮੁਖ ਸਿੰਘ ਜੀ ਦੇ ਅਸ਼ੀਰਵਾਦ ਸਦਕਾ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਗੁਰਧਾਮਾਂ ਦੀਆਂ ਸੇਵਾਵਾਂ ਨਿਰੰਤਰ ਚੱਲ ਰਹੀਆਂ ਹਨ।ਦੇਸ਼ ਵਿਦੇਸ਼ ਦੀਆਂ ਸੰਗਤਾਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਚੱਲ ਰਹੀਆਂ ਸੇਵਾਵਾਂ ਵਿੱਚ ਤਨ, ਮਨ, ਧਨ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।