ਬੈਠਿ ਖਡੂਰੇ ਜੋਤਿ ਜਗਾਈ

(ਇਤਿਹਾਸਕ ਪਰਿਪੇਖ)

ਸੰਸਾਰ ਦੇ ਧਾਰਮਿਕ ਇਤਿਹਾਸ ਨੂੰ ਪੜਿਆ ਜਾਵੇ ਤਾਂ ਗਿਆਤ ਹੁੰਦਾ ਹੈ ਕਿ ਹਰ ਧਰਮ ਵਿਚ ਕੁਝ ਅਜਿਹੇ ਨਗਰ ਜਾਂ ਸ਼ਹਿਰ ਮਹੱਤਵਪੂਰਨ ਹੁੰਦੇ ਹਨ, ਜਿਨ੍ਹਾਂ ਨਗਰਾਂ ਆਦਿ ਨੂੰ ਧਰਮ ਦੇ ਸੰਸਥਾਪਕ, ਪੈਗੰਬਰ, ਗੁਰੂ ਸਾਹਿਬਾਨ ਆਦਿ ਨੇ ਆਪਣੀਆਂ ਗਤੀਵਿਧੀਆਂ ਦਾ ਵਿਸ਼ੇਸ ਕੇਂਦਰ ਬਣਾਇਆ ਹੁੰਦਾ ਹੈ।ਅਜਿਹੇ ਪਵਿਤਰ ਸਥਾਨਾ ਦਾ ਜ਼ਿਕਰ ਸਾਮੀ ਅਤੇ ਭਾਰਤੀ ਧਰਮਾਂ ਵਿਚ ਵਿਸ਼ੇਸ ਤੌਰ ’ਤੇ ਮਿਲਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਰਾਵੀ ਦਰਿਆ ਦੇ ਕੰਢੇ ਕਰਤਾਰਪੁਰ ਸਾਹਿਬ ਨਗਰ ਦੀ ਸਥਾਪਨਾ ਕੀਤੀ, ਜੋ ਨਿਰੋਲ ਗੁਰਮਤਿ ਸਿਧਾਂਤਾ ’ਤੇ ਉਸਰਿਆ ਹੋਇਆ ਨਗਰ ਸੀ, ਜਿਸ ਦੀ ਨਿਤਾਪ੍ਰਤੀ ਮਰਿਯਾਦਾ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ਕਰਦੇ ਹਨ। ਗੁਰੂ ਅੰਗਦ ਦੇਵ ਜੀ ਨੇ ਬਿਆਸ ਦਰਿਆ ਦੇ ਕੰਢੇ ਖਡੂਰ ਸਾਹਿਬ ਨੂੰ ਆਪਣੇ ਪ੍ਰਚਾਰ-ਪ੍ਰਸਾਰ ਦਾ ਕੇਂਦਰੀ ਸਥਾਨ ਬਣਾਇਆ। ਭਾਵੇਂ ਵੈਦਿਕ, ਸਲਤਨਤ ਕਾਲ ਅਤੇ ਮੁੱਢਲੇ ਮੁਗਲ ਕਾਲ ਵਿੱਚ ਇਸ ਸਥਾਨ ਦੀ ਧਾਰਮਿਕ ਤੇ ਸੱਭਿਆਚਾਰਕ ਭੂਮਿਕਾ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਪਰ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਉਤਰਾਧਿਕਾਰੀਆਂ ਨੇ ਇਸ ਸਥਾਨ ਨੂੰ ਵਡਿਆਈ ਬਖਸ਼ ਕੇ ਸੰਸਾਰ ਭਰ ਵਿੱਚ ਪ੍ਰਸਿੱਧ ਕੀਤਾ ਹੈ। ਫਲਸਰੂਪ ਇਹ ਸਥਾਨ ਸਿੱਖ ਧਰਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਅਤੇ ਇਤਿਹਾਸਕ ਕੇਂਦਰ ਬਣ ਚੁੱਕਾ ਹੈ।

        ਭਾਈ ਅਮਰ ਸਿੰਘ ਤ੍ਰੇਹਣ ਦੇ ਵਿਚਾਰ ਅਨੁਸਾਰ ਖਡੂਰ “ਖੰਡਰ” ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ, ਲੇਖਕ ਨੇ ਇਸ ਵਿਚਾਰ ਦੀ ਪੁਸ਼ਟੀ ਲਈ ਕਿਸੇ ਤਵਾਰੀਖੀ ਸ੍ਰੋਤ ਨੂੰ ਅਧਾਰ ਨਹੀ ਬਣਾਇਆ, ਉਨ੍ਹਾਂ ਦੇ ਇਸ ਵਿਚਾਰ ਦੇ ਪਿੱਛੇ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਬਿਆਸ ਦਰਿਆ ਖਡੂਰ ਸਾਹਿਬ ਤੋਂ ਕੁੱਝ ਹੀ ਦੂਰੀ ’ਤੇ ਵਗਦਾ ਹੈ, ਹੋ ਸਕਦਾ ਹੈ ਕਿ ਪ੍ਰਚੀਨ ਸਮੇਂ ਵਿੱਚ ਦਰਿਆ ਵਿੱਚ ਹੜ੍ਹ ਆਉਣ ਕਰਕੇ ਇਸ ਪਿੰਡ ਦੀ ਅਬਾਦੀ ਕਿਸੇ ਹੋਰ ਪਾਸੇ ਪ੍ਰਵਾਸ ਕਰ ਗਈ ਹੋਵੇ ਅਤੇ ਇਹ ਪਿੰਡ ਖੰਡਰ ਦੇ ਰੂਪ ਵਿੱਚ ਤਬਦੀਲ ਹੋ ਗਿਆ ਹੋਵੇ, ਕੁੱਝ ਸਮੇਂ ਬਾਅਦ ਫਿਰ ਇਹ ਨਗਰ ਆਬਾਦ ਹੋ ਗਿਆ ਹੋਵੇ। ਐਚ.ਏ. ਰੋਜ਼ ਅਨੁਸਾਰ 13ਵੀਂ ਸਦੀ ਵਿੱਚ ਖਡੂਰ ਸਾਹਿਬ ਵਿੱਚ ਸਿਧੂ ਗੋਤ ਦੇ ਜੱਟਾਂ ਦਾ ਵਾਸਾ ਸੀ, ਇਸ ਸਦੀ ਵਿੱਚ ਖਹਿਰਾ ਗੋਤ ਦੇ ਜੱਟ ਕਬੀਰਵਾਲ ਜਿਲ੍ਹਾ ਮੁਲਤਾਨ ਤੋਂ ਹਿਜ਼ਰਤ ਕਰਕੇ ਇਸ ਨਗਰ ਵਿੱਚ ਵਸ ਗਏ ਸਨ। ਇਸ ਪਿੰਡ ਵਿੱਚ ਖਹਿਰਿਆਂ ਦੀ ਗਿਣਤੀ ਵਧਣ ਲੱਗੀ, ਜਿਸ ਕਰਕੇ ਖਡੂਰ ਨੂੰ ‘ਖਹਿਰਿਆਂ ਦਾ ਖਡੂਰ’ ਵੀ ਕਿਹਾ ਜਾਣ ਲੱਗਾ। ਪਿੰਡ ਦੀ ਹੱਦਬੰਦੀ ਨੂੰ ਲੈ ਕੇ ਖਹਿਰਾ ਅਤੇ ਕੰਗ ਗੋਤ ਵਿਚਾਲੇ ਅਨੇਕ ਆਪਸੀ ਲੜਾਈਆਂ ਹੋਣ ਕਰਕੇ ਇਸ ਨਗਰ ਦਾ ਕਾਫੀ ਨੁਕਸਾਨ ਹੋਇਆ, ਫਲਸਰੂਪ ਇਹ ਨਗਰ ਕਈ ਵਾਰ ਉਜੜਿਆ ਅਤੇ ਕਈ ਵਾਰ ਫਿਰ ਪਿੰਡ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਆਬਾਦ ਕੀਤਾ। ਬਾਬਾ ਸੁਜਾਦਾ ਜੀ ਅਤੇ ਬਾਬਾ ਮੱਲ੍ਹਾ ਜੀ ਦੀ ਲੜਾਈ ਤੋਂ ਬਾਅਦ ਪਿੰਡਾਂ ਦੀਆਂ ਪੱਕੀਆਂ ਹੱਦਬੰਦੀਆਂ ਤੈਅ ਕੀਤੀਆਂ ਗਈਆਂ।

ਗੁਰੂ ਸਾਹਿਬਾਨ ਦੇ ਚਰਨ ਪੈਣ ਤੋਂ ਪਹਿਲਾਂ ਖਡੂਰ ਸਾਹਿਬ ਦੇ ਲੋਕ ਜ਼ਿਆਦਾਤਰ ਦੁਰਗਾ ਪੂਜਾ ਅਤੇ ਯੋਗ ਪੰਥ ਨੂੰ ਮੰਨਣ ਵਾਲੇ ਸਨ। ਗੁਰੂ ਅੰਗਦ ਦੇਵ ਜੀ ਵੱਲੋਂ ਖਡੂਰ ਸਾਹਿਬ ਨੂੰ ਗੁਰਸਿੱਖੀ ਦਾ ਪ੍ਰਮੁੱਖ ਕੇਂਦਰ ਬਣਾਉਣ ਕਰਕੇ ਇਸ ਨਗਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦੇ ਧਾਰਮਿਕ ਜੀਵਨ ਵਿੱਚ ਬਹੁਤ ਪਰਿਵਰਤਨ ਹੋਇਆ। ਲੋਕ ਬਹੁਦੇਵਵਾਦ ਦੀ ਪੂਜਾ ਤਿਆਗ ਕੇ ਬਾਣੀ ਅਤੇ ਸਿੱਖ ਸਿਧਾਤਾਂ ਨਾਲ ਜੁੜਨ ਲੱਗੇ। ਗੁਰੂ ਸਾਹਿਬ ਦੇ ਨਿਵਾਸ ਕਾਰਨ ਖਡੂਰ ਨਾਲ ‘ਸਾਹਿਬ’ ਸ਼ਬਦ ਆਦਰ ਵਾਚਕ ਹੈ। ਇਹ ਨਗਰ ਖਡੂਰ, ‘ਖਹਿਰਿਆਂ ਦੇ ਖਡੂਰ’ ਤੋਂ ਖਡੂਰ ਸਾਹਿਬ ਬਣ ਗਿਆ।

        ਭਾਈ ਸੰਤੋਖ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਅਵਸਰ ਨੂੰ ਖਡੂਰ ਸਾਹਬ ਦੇ ਨਾਲ ਜੋੜਿਆ ਹੈ। ਸੁਲਤਾਨਪੁਰ ਤੋਂ ਬਰਾਤ ਚੜਨ ਤੋਂ ਬਾਅਦ ਬਰਾਤ ਬਿਆਸ ਦਰਿਆ ਪਾਰ ਕਰਨ ਉਪਰੰਤ ਖਡੂਰ ਸਾਹਿਬ ਪੁੱਜੀ। ਗੁਰੂ ਸਾਹਿਬ ਨੇ ਬਰਾਤ ਸਮੇਤ ਇਕ ਰਾਤ ਇਸ ਨਗਰ ਵਿਚ ਠਹਿਰਾਉ ਕੀਤਾ ਅਤੇ ਸਵੇਰੇ ਬਟਾਲਾ ਵੱਲ ਨੂੰ ਰਵਾਨਾ ਹੋ ਗਏ।ਗੁਰੂ ਨਾਨਕ ਦੇਵ ਜੀ ਨੇ ਆਪਣੇ ਦੈਵੀ ਸੰਦੇਸ਼ ਦੇ ਪ੍ਰਚਾਰ ਹਿੱਤ ਭਾਰਤ ਤੇ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਅਨੁਸਾਰ ਖਡੂਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਕਰਕੇ ਇਸ ਨਗਰ ਵਿੱਚ ਸਿੱਖ ਸੰਗਤ ਦੀ ਨੀਂਹ ਰੱਖੀ ਗਈ। ਖਡੂਰ ਸਾਹਿਬ ਨਿਵਾਸੀ ਮਾਈ ਭਰਾਈ ਜੀ ਗੁਰੂ ਜੀ ਦੀ ਅਨਿੰਨ ਸਿੱਖ ਤੇ ਸ਼ਰਧਾਲੂ ਸੀ। ਖਡੂਰ ਸਾਹਿਬ ਦਾ ਵਸਨੀਕ ਭਾਈ ਜੋਧ ਜੀ ਖਹਿਰਾ ਜੱਟ ਗੁਰੂ ਨਾਨਕ ਦੇਵ ਜੀ ਦਾ ਗੁਰਸਿੱਖ ਸੀ ਜੋ ਸਿੱਖ ਸੰਗਤ ਦੀ ਇਕੱਤਰਤਾ ਕਰਕੇ ਗੁਰਸਿੱਖੀ ਦਾ ਪ੍ਰਚਾਰ ਕਰਿਆ ਕਰਦਾ ਸੀ, ਭਾਈ ਗੁਰਦਾਸ ਜੀ ਲਿਖਦੇ ਹਨ:

                       ਫਿਰਣਾ ਖਹਿਰਾ ਜੋਧੁ ਸਿਖ ਜੀਵਾਈ ਗੁਰ ਸੇਵ ਕਮਾਵੈ॥

        ਮਹਿਮਾ ਪ੍ਰਕਾਸ਼ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਗੁਰਗੱਦੀ ਦੀ ਬਖਸ਼ਿਸ਼ ਕਰਨ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਮਾਈ ਭਰਾਈ ਜੀ ਦੇ ਘਰ ਆਪਣਾ ਸਿੰਘਾਸਨ ਹੋਣ ਦਾ ਜ਼ਿਕਰ ਕਰਦੇ ਹਨ ਅਤੇ ਗੁਰੂ ਅੰਗਦ ਦੇਵ ਜੀ ਨੂੰ ਉਥੇ ਜਾ ਕੇ ਬਿਰਾਜਣ ਦਾ ਹੁਕਮ ਦਿੰਦੇ ਹਨ। ਭਾਈ ਸੰਤੋਖ ਸਿੰਘ ਅਨੁਸਾਰ ਗੁਰੂ ਨਾਨਕ ਜੀ, ਗੁਰੂ ਅੰਗਦ ਦੇਵ ਜੀ ਨੂੰ ਯਾਦ ਕਰਨ ਤੇ ਦਰਸ਼ਨ ਦੇਣ ਲਈ ਖਡੂਰ ਸਾਹਿਬ ਪਹੁੰਚਣ ਦਾ ਵਚਨ ਕਰਦੇ ਹਨ:

                       ਬਸਹੁ ਖਡੂਰ ਤਹਾਂ ਹਮ ਆਵੈ। ਮਿਲਹਿ ਤੋਹਿ ਜਬ ਉਰਿ ਮਹਿ ਭਾਵੈ।

ਮਹਿਮਾ ਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਤਵਾਰੀਖ ਗੁਰੂ ਖਾਲਸਾ ਆਦਿ ਤਵਾਰੀਖੀ ਸ੍ਰੋਤਾਂ ਅਨੁਸਾਰ ਗੁਰੂ ਅੰਗਦ ਦੇਵ ਜੀ ਦੇ ਪ੍ਰੇਮ ਨਾਲ ਯਾਦ ਕਰਨ ਤੇ ਗੁਰੂ ਨਾਨਕ ਦੇਵ ਜੀ ਨੇ ਦੋ ਤਿੰਨ ਵਾਰ ਇਸ ਨਗਰ ਵਿੱਚ ਆਪਣੇ ਪਾਵਨ ਚਰਨ ਪਾਏ ਸਨ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਲਹਿਣਾ ਸੀ। ਆਪ ਦਾ ਜਨਮ ਭਾਈ ਫੇਰੂ ਮੱਲ ਦੇ ਘਰ ਮਾਤਾ ਸਭਰਾਈ ਜੀ ਦੀ ਕੁੱਖੋਂ 5 ਵੈਸਾਖ ਸੰਮਤ 1561 (31 ਮਾਰਚ 1504) ਨੂੰ ਪਿੰਡ ਮੱਤੇ ਦੀ ਸਰਾਂ ਜਿਲ੍ਹਾ ਮੁਕਤਸਰ ਵਿਖੇ ਹੋਇਆ। ਭਾਈ ਫੇਰੂ ਮੱਲ ਇਲਾਕੇ ਦੇ ਚੌਧਰੀ ਤਖਤ ਮੱਲ ਦੇ ਮੁਨਸ਼ੀ ਅਤੇ ਫਿਰੋਜ਼ਪੁਰ ਦੇ ਹਾਕਮਾਂ ਦੇ ਲੇਖਾਕਾਰ ਤੇ ਖਜਾਨਚੀ ਵੀ ਸਨ। ਚੌਧਰੀ ਤਖਤ ਮੱਲ ਦੀ ਭੈਣ ਮਾਤਾ ਭਰਾਈ ਜੀ ਖਡੂਰ ਸਾਹਿਬ ਵਿਆਹੇ ਹੋਏ ਸਨ, ਉਨ੍ਹਾਂ ਨੂੰ ਭਾਈ ਫੇਰੂ ਮੱਲ ਜੀ ਭੈਣ ਆਖ ਕੇ ਬੁਲਾਉਂਦੇ ਸਨ। ਉਨ੍ਹਾਂ ਲਹਿਣਾ ਜੀ ਦਾ ਰਿਸ਼ਤਾ ਖਡੂਰ ਸਾਹਿਬ ਲਾਗੇ ਪਿੰਡ ਸੰਘਰ ਕਰਵਾ ਦਿੱਤਾ। ਭਾਈ ਲਹਿਣਾ ਜੀ ਦਾ ਵਿਆਹ ਸੰਮਤ 1576 (1519 ਈ.) ਨੂੰ ਦੇਵ ਚੰਦ ਦੀ ਸਪੁੱਤਰੀ ਮਾਤਾ ਖੀਵੀ ਨਾਲ ਹੋਇਆ। ਭਾਈ ਲਹਿਣਾ ਜੀ ਦੇ ਘਰ ਦੋ ਪੁੱਤਰਾਂ ਬਾਬਾ ਦਾਸੂ ਜੀ ਅਤੇ ਬਾਬਾ ਦਾਤੂ ਜੀ  ਅਤੇ ਸਪੁਤਰੀਆਂ  ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਨੇ ਜਨਮ ਲਿਆ।

        ਤਵਾਰੀਖ ਗੁਰੂ ਖਾਲਸਾ ਦਾ ਕਰਤਾ ਲਿਖਦਾ ਹੈ ਕਿ ਭੱਟੀ ਕੌਮ ਦੇ ਮੁਸਲਮਾਨਾਂ ਨੇ ਲੁੱਟ ਘਸੁੱਟ ਕਰਕੇ ਬਹੁਤ ਪਿੰਡ ਉਜਾੜ ਦਿੱਤੇ ਸਨ ਉਦੋਂ ਮੱਤੇ ਦੀ ਸਰਾਂ ਨਗਰ ਵੀ ਉਜੜ ਗਿਆ। ਇਸ ਕਰਕੇ ਭਾਈ ਫੇਰੂ ਮੱਲ ਪਰਿਵਾਰ ਸਮੇਤ ਪਹਿਲਾਂ ਹੀ ਹਰੀਕੇ ਪਿੰਡ ਜਾ ਵਸੇ ਸਨ। ਤਵਾਰੀਖੀ ਵੇਰਵਿਆਂ ਮੁਤਾਬਿਕ ਮਾਤਾ ਭਰਾਈ ਜੀ ਅਤੇ ਭਾਈ ਲਹਿਣਾ ਜੀ ਦੇ ਸਹੁਰਿਆਂ ਦੇ ਜੋਰ ਪਾਉਣ ਦੇ ਆਪ ਨੇ ਸੰਘਰ ਦੁਕਾਨ ਪਾ ਲਈ, ਪਰ ਕੁੜਮਾਂ ਦੇ ਪਾਸ ਰਹਿਣਾ ਠੀਕ ਨਾ ਸਮਝਦਿਆਂ ਫਿਰ ਆਪ ਨੇ ਹਰੀਕੇ ਆ ਕੇ ਦੁਕਾਨ ਕਰ ਲਈ ਅਤੇ ਸ਼ਾਹੂਕਾਰਾ ਵੀ ਕਰਨ ਲੱਗੇ। ਹਰੀਕੇ ਵਿੱਚ ਕਾਰੋਬਾਰ ਵਿੱਤ ਅਨੁਸਾਰ ਨਾ ਚੱਲਣ ਕਰਕੇ ਆਪ ਨੇ ਮਾਤਾ ਭਰਾਈ ਜੀ ਦੇ ਕਹਿਣ ’ਤੇ ਖਡੂਰ ਸਾਹਿਬ ਆ ਕੇ ਦੁਕਾਨ ਪਾ ਲਈ। 1526 ਈ. ਵਿੱਚ ਭਾਈ ਫੇਰੂ ਮੱਲ ਜੀ ਅਕਾਲ ਚਲਾਣਾ ਕਰ ਗਏ ।ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਇੱਕ ਦਿਨ ਅੰਮ੍ਰਿਤ ਵੇਲੇ ਭਾਈ ਜੋਧ ਜੀ, ਜੋ ਖਡੂਰ ਸਾਹਿਬ ਦਾ ਨਿਵਾਸੀ ਸੀ, ਗੁਰੂ ਨਾਨਕ ਦੇਵ ਜੀ ‘ਆਸਾ ਕੀ ਵਾਰ’ ਦੀ ਇਹ ਪਉੜੀ

                              ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾਲੀਐ॥

                              ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥

 (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-474)

ਪੜ੍ਹ ਰਹੇ ਸਨ, ਗੁਰਬਾਣੀ ਉਨ੍ਹਾਂ ਨੂੰ ਬੜੀ ਮਿੱਠੀ ਲੱਗੀ। ਸੱਚੇ ਮਾਲਕ ਨਾਲ ਪ੍ਰੀਤ ਅਤੇ ਸਰਬੱਤ ਦੇ ਭਲੇ ਦੀ ਲੋਚਾ ਅਤੇ ਨੇਕ ਕਰਨੀ ਦਾ ਸੰਦੇਸ਼ ਦਿੰਦੀ ਅੰਮ੍ਰਿਤ ਬਾਣੀ ਅੰਤਹਕਰਣ ਵਿੱਚ ਇੰਨੀ ਡੂੰਘੀ ਲਹਿ ਗਈ ਕਿ ਭਾਈ ਲਹਿਣਾ ਜੀ ਨੇ ਪੁੱਛ ਹੀ ਲਿਆ ਕਿ ਇਹ ਬਾਣੀ ਕਿਸ ਦੀ ਹੈ, ਭਾਈ ਜੋਧ ਜੀ ਤੋਂ ਗੁਰੂ ਨਾਨਕ ਦੇਵ ਜੀ ਬਾਰੇ ਜਾਣ ਕੇ ਆਪ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਇੱਛਾ ਜਤਾਈ।

ਗਿਆਨੀ ਗਿਆਨ ਸਿੰਘ ਅਨੁਸਾਰ ਸੰਮਤ 1589 (1532 ਈ.)20 ਨੂੰ ਅੱਸੂ ਦੇ ਮਹੀਨੇ ਸੰਗ ਨਾਲ ਵੈਸ਼ਨੂੰ ਦੇਵੀ ਜਾਂਦੇ ਹੋਏ ਭਾਈ ਲਹਿਣਾ ਜੀ ਸੰਗੀਆਂ ਨੂੰ ਪੁੱਛਦੇ ਹਨ ਕਿ ਇਥੇ ਸਤਿਪੁਰਖ ਰਹਿੰਦੇ ਹਨ, ਉਨ੍ਹਾਂ ਦੇ ਦਰਸ਼ਨ ਕਰਦੇ ਚੱਲੀਏ। ਸਭ ਨੇ ਹਾਂ ਕਰ ਦਿੱਤੀ। ਸੰਗ ਦੇ ਜਾਣ ਦਾ ਰਾਹ ਕਰਾਤਰਪੁਰ ਵਿੱਚੋਂ ਦੀ ਬਣਾ ਕੇ ਆਪ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਲਈ ਜਾ ਪਹੁੰਚੇ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਵੀ ਅੱਗੋਂ ਆਪ ਨੂੰ ਲੈਣ ਲਈ ਆ ਖੜੇ ਸਨ। ਇਹ ਰੂਹਾਂ ਦੇ ਮੇਲ ਸਨ। ਰੱਬੀ ਵਰਤਾਰੇ ਵਿੱਚ ਹੀ ਭਾਈ ਲਹਿਣਾ ਜੀ, ਜਿਸ ਬਜ਼ੁਰਗ ਤੋਂ ਕਰਤਾਰਪੁਰ ਸਾਹਿਬ ਦੀ ਧਰਮਸ਼ਾਲ ਦਾ ਰਸਤਾ ਪੁੱਛਦੇ ਹਨ, ਉਹ ਖੁਦ ਗੁਰੂ ਨਾਨਕ ਦੇਵ ਜੀ ਸਨ। ਇਸ ਪੱਖੋਂ ਅਨਜਾਣ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਸਨ। ਪਰ ਰਾਹ ਦਸੇਰਾ ਬਣੇ, ਗੁਰੂ ਨਾਨਕ ਦੇਵ ਜੀ ਖੁਦ ਅੱਗੇ-ਅੱਗੇ ਪੈਦਲ ਚੱਲ ਕੇ ਅਗਵਾਈ ਕਰ ਰਹੇ ਸਨ। ‘ਲੈਣੇ ਤੇ ਦੇਣੇ’ ਦੇ ਸੰਬੰਧ ਇਥੇ ਹੀ ਉਘੜ ਪੈਂਦੇ ਹਨ। ਘੋੜੀ ਬੰਨ੍ਹ ਕੇ ਧਰਮਸ਼ਾਲ ਅੰਦਰ ਉਹੋ ਸਖਸ਼ ਬਾਬਾ ਨਾਨਕ ਜੀ ਪੁੱਛ ਰਹੇ ਸਨ:

                         “ਰਾਜੀਏ ਪੁਰਖਾ! ਕਿਥੋਂ ਆਇਆਂ ਏ ਨਾਂ ਕੀ ਏ ?

ਭਾਈ ਲਹਿਣਾ ਜੀ ਨੇ ਆਖਿਆ ਕਿ ਆਪ ਦੀ ਮਿਹਰ ਸਦਕਾ ਸੁਖੀ ਹਾਂ, ਖਡੂਰ ਸੰਘਰ ਤੋਂ ਆਇਆ ਹਾਂ ਤੇ ਨਾਉ ਲਹਿਣਾ ਏ।” ਭੱਟ ਕਲਸਹਾਰ ਜੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਜੀ ਦੇ ਮੱਥੇ’ਤੇ ਆਪਣਾ ਪਾਵਨ ਹੱਥ ਰੱਖਿਆ ਤੇ ਉਦੋਂ ਹੀ ਉਨ੍ਹਾਂ ਦੇ ਮਨ ਵਿੱਚ ਨਾਮ ਰੂਪੀ ਅੰਮ੍ਰਿਤ ਤੇ ਟਿਕਾਉ ਪੈਦਾ ਹੋ ਗਿਆ :

ਸੋਈ ਪੁਰਖੁ ਧੰਨੁ ਕਰਤਾ ਕਾਰਣ ਕਰਤਾਰੁ ਕਰਣ ਸਮਰਥੋ॥

ਸਤਿਗੁਰੂ ਧੰਨੁ ਨਾਨਕ ਮਸਤਕਿ ਤੁਮ ਧਰਿਓ ਜਿਨਿ ਹਥੋ॥

ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ

ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ॥

        ਇਸ ਤਰ੍ਹਾਂ ਸੱਚ ਦੀ ਖੋਜ ਲਈ ਚਿਰਾਂ ਤੋਂ ਉਪਜੀ ਭਟਕਣਾ ਮੁਕ ਗਈ। ਐਸੀ ਪੱਕੀ ਪ੍ਰੀਤ ਪਈ ਕਿ ਦੇਵੀ ਲਈ ਜਾਣ ਦੀ ਬਾਜਏ ਆਪ ਨੇ ਰਹਿੰਦਾ ਜੀਵਨ ਗੁਰੂ ਜੀ ਦੇ ਚਰਨਾ ਵਿੱਚ ਬਤੀਤ ਕਰਨਾ ਹੀ ਪ੍ਰਵਾਨ ਕਰ ਲਿਆ। ਗੁਰੂ ਦਰ ਤੇ ਪ੍ਰਵਾਨ ਹੋਣ ਲਈ ਆਪ ਨੇ ਦੇਵੀ ਪੂਜਾ ਵਾਲੇ ਸਾਰੇ ਕਰਮਕਾਂਡ ਸਦਾ ਲਈ ਤਿਆਗ ਦਿੱਤੇ ਸਨ। ਸਵੇਰ ਸ਼ਾਮ ਗੁਰਬਾਣੀ ਕੀਰਤਨ ਅਤੇ ਗੁਰ ਉਪਦੇਸ਼ ਸੁਣਦੇ, ਨਾਮ ਜਪਦੇ ਤੇ ਹਰ ਸਮੇਂ ਸੇਵਾ ਲਈ ਖਿੜੇ ਮੱਥੇ ਤਿਆਰ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਨੇ ਆਪਣੇ ਚਲਾਏ ਨਿਰਮਲ ਪੰਥ ਲਈ ਯੋਗ ਵਾਰਿਸ ਨਿਯੁਕਤ ਕਰਨਾ ਜਰੂਰੀ ਸਮਝਿਆ। ਉਤਰਾਧਿਕਾਰੀ ਦੀ ਚੋਣ ਲਈ ਗੁਰੂ ਸਾਹਿਬ ਨੇ ਚੰਗੀ ਘੋਖ ਕੀਤੀ। ਦਰਅਸਲ ਇਹ ਪਰਖ ਸੀ ਸਿੱਖਾਂ ਦੇ ਸਿਦਕ, ਸੇਵਾ ਅਤੇ ਆਗਿਆਕਾਰਤਾ ਦੀ, ਜਿਸ ਵਿੱਚ ਕੇਵਲ ਭਾਈ ਲਹਿਣਾ ਜੀ ਪੂਰੇ ਉਤਰੇ ਸਨ। ਗੁਰਬਾਣੀ ਇਸਦਾ ਪ੍ਰਤੱਖ ਪ੍ਰਮਾਣ ਹੈ:

                       ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿਕਿਓਨੁ॥

                       ਜਾਂ ਸੁਧੋਸੁ ਤਾਂ ਲਹਣਾ ਟਿਕਿਓਨ॥

        ਭਾਈ ਲਹਿਣਾ ਜੀ ਦੀ ਰਹਿਣੀ, ਭਗਤੀ, ਗੁਰਮੁਖਤਾ (ਗੁਰੂ ਆਗਿਆ ਪਾਲਣ ਵਿੱਚ ਤਤਪਰਤਾ) ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੂੰ ਵਿਸਵਾਸ਼ ਹੋ ਗਿਆ ਕਿ ਉਹ ‘ਅੰਗਦ’ ਹੋ ਗਏ ਹਨ, ਉਹ ਅੰਗੇ ਗਏ ਹਨ, ਉਹਨਾਂ ਨੂੰ ਪ੍ਰਵਾਨਗੀ ਦਾ ਨਿਸ਼ਾਨ ਜਾ ਅੰਗ ਲੱਗ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਦਾ ਨਾਮ ‘ਅੰਗਦ’ ਕਰ ਦਿੱਤਾ ਅਤੇ ਉਨ੍ਹਾ ਨੂੰ 1539 ਈ. ਵਿੱਚ ਗੱਦੀ ’ਤੇ ਬਿਠਾ ਕੇ ਸੰਗਤ ਸਮੇਤ ਨਮਸਕਾਰ ਕੀਤੀ, ਅਤੇ ਉਨ੍ਹਾਂ ਨੂੰ ‘ਗੁਰੂ ਅੰਗਦ’ ਬਣਾ ਦਿੱਤਾ। ਭਾਈ ਗੁਰਦਾਸ ਜੀ ਇਸ ਵਰਤਾਰੇ ਨੂੰ ਉਲੇਖਿਤ ਕਰਦੇ ਹਨ:

ਅੰਗਹੁ ਅੰਗੁ ਉਪਾਇਓਨ ਗੰਗਹੁ ਜਾਣ ਤਰੰਗ ਉਠਾਇਆ॥

ਗੁਰ ਚੇਲਾ ਚੇਲਾ ਗੁਰੂ ਗੁਰੁ ਚੇਲੇ ਪਰਚਾ ਪਰਚਾਇਆ॥…

ਬਾਬਾਣੇ ਗੁਰ ਅੰਗਦੁ ਆਇਆ॥

      

    

 ਸੇਵਕ ਨੂੰ ਗੁਰਿਆਈ ਦਾ ਵਾਰਿਸ ਥਾਪੇ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਆਦੇਸ਼ ਦਿੱਤਾ, “ਪੁਰਖਾ ਹੁਣ ਤੂੰ ਆਪਣੇ ਨਗਰ ਖਡੂਰ ਜਾਇ ਰਹੁ ਤੇ ਉਥੇ ਹੀ ਰਹਿਣਾ, ਏਥੇ ਨਹੀਂ ਆਵਣਾ, ਅਸੀਂ ਆਪ ਹੀ ਤੇਰੇ ਪਾਸ ਆਵਾਂਗੇ।” ਗੁਰੂ ਆਦੇਸ਼ ਅੱਗੇ ਨਤਮਸਤਕ ਹੁੰਦੇ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਨਿਵਾਸ ਕਰਦੇ ਹਨ ਜਿਥੇ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਹਨ ਅਤੇ ਵਿਚਾਰ ਚਰਚਾ ਹੁੰਦੀਆਂ ਹਨ। ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਸੰਗਤਾਂ ਨੂੰ ਕਰਤਾਰਪੁਰ ਵਿਖੇ ਦਾਤ ਜੋਤਿ ਪ੍ਰਾਪਤ ਕਰਨ ਵਾਲੇ ਗੁਰੂ ਅੰਗਦ ਦੇਵ ਜੀ ਦੇ ਦੀਦਾਰ ਨਹੀਂ ਹੋ ਰਹੇ ਸਨ, ਤਾਂ ਉਨ੍ਹਾਂ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਖਡੂਰ ਸਾਹਿਬ ਆ ਕੇ ਮਾਈ ਭਰਾਈ ਜੀ ਦੇ ਘਰੋਂ ਗੁਰੂ ਅੰਗਦ ਦ ੇਵ ਜੀ ਨੂੰ ਪ੍ਰਗਟ ਕੀਤਾ। ਮਹਿਮਾ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:

                       ਬੁਢੇ ਦੁਆਰਬੰਦ ਜਬ ਦੇਖਾ। ਨਿਰਨੇ ਕਰ ਅੰਤਰ ਪ੍ਰਭ ਲੇਖਾ।

                       ਮਨ ਮੋ ਧਿਆਨ ਕਰ ਦੁਆਰ ਖੁਲਾਇਆ। ਸਨਮੁਖ ਸਾਹਿਬ ਦਰਸਨ ਪਾਇਆ।

        ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ਮਾਨ ਹੋਣ ਸੰਬੰਧੀ ਭਾਈ ਗੁਰਦਾਸ ਜੀ ਲਿਖਦੇ ਹਨ:

                       ਗੁਰ ਨਾਨਕ ਹੰਦੀ ਮੁਹਰਿ ਹਥਿ ਗੁਰ ਅੰਗਦ ਦੀ ਦੋਹੀ ਫਿਰਾਈ।

                       ਦਿਤਾ ਛੋੜਿ ਕਰਤਾਰ ਪੁਰ ਬੈਠਿ ਖਡੂਰੇ ਜੋਤਿ ਜਗਾਈ।

   ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦਾ ਕੇਂਦਰ ਬਣਾਇਆ ਅਤੇ ਗੁਰੂ ਨਾਨਕ ਦੇਵ ਜੀ ਦੇ ਥਾਪੇ ਸਿਧਾਂਤਾਂ ਨੂੰ ਅਮਲੀ ਰੂਪ ਦਿੱਤਾ। ਇਥੇ ਹੀ ਹਿੰਦੁਸਤਾਨ ਦੇ ਹੰਕਾਰੇ ਹੋਏ ਬਾਦਸ਼ਾਹ ਹਿਮਾਯੂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਉਸਨੂੰ ਆਤਮ ਚਿੰਤਨ ਕਰਨ ਦੀ ਪ੍ਰੇਰਨਾ ਮਿਲੀ। ਗੁਰੂ ਨਾਨਕ ਦੇਵ ਜੀ ਵਲੋਂ ਦਰਸਾਈ ਜੀਵਨ ਜਾਂਚ ਤੇ ਧਰਮ ਦਰਸਨ ਨੂੰ ਹੋਰ ਅੱਗੇ ਮਜ਼ਬੂਤੀ ਨਾਲ ਗੁਰੂ ਅੰਗਦ ਦੇਵ ਜੀ ਨੇ ਤੋਰਿਆ। ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਇੱਕ ਸ਼ਕੀਸ਼ਾਲੀ ਧਰਮ ਦੇ ਰੂਪ ਵਿੱਚ ਉਭਾਰਿਆ ਅਤੇ ਮਿਸ਼ਨ ਦੇ ਵਿਕਾਸ ਲਈ ਦਿਬਦ੍ਰਿਸ਼ਟੀ ਨਾਲ ਵਿਚਰਦਿਆਂ ਸਹੀ ਸੇਧ ਪ੍ਰਦਾਨ ਕੀਤੀ। ਗੁਰੂ ਅੰਗਦ ਦੇਵ ਜੀ ਵਲੋਂ ਸਿੱਖ ਧਰਮ ­ਨੂੰ ਮਜ਼ਬੂਤ ਬਣਾਉਣ ਲਈ ਲੰਗਰ ਸੰਸਥਾ ਦਾ ਵਿਕਾਸ, ਮੱਲ ਅਖਾੜੇ ਦੀ ਸਿਰਜਣਾ, ਗੁਰਬਾਣੀ ਦੀ ਸੰਭਾਲ, ਜਨਮਸਾਖੀ ਲਿਖਵਾਉਣਾ, ਗੁਰਮੁਖੀ ਲਿੱਪੀ ਦਾ ਵਿਕਾਸ ਆਦਿ ਮਹਾਨ ਕਾਰਜ ਖਡੂਰ ਸਾਹਿਬ ਵਿਖੇ ਹੀ ਕੀਤੇ। ਆਪ ਸੰਮਤ 1609 ਮੁਤਾਬਿਕ 1552 ਈ. ਨੂੰ ਹਜੂਰੀ ਸੇਵਕ ਬਾਬਾ ਅਮਰਦਾਸ ਜੀ ਨੂੰ ਗੁਰੂ ਨਾਨਕ ਜੋਤਿ ਦਾ ਵਾਰਿਸ ਥਾਪ ਕੇ ਜੋਤੀ ਜੋਤਿ ਸਮਾ ਗਏ।

        ਬਾਬਾ ਅਮਰਦਾਸ ਜੀ ਨੇ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਲਗਪਗ 12 ਸਾਲ ਸੇਵਾ ਕੀਤੀ। ਉਨ੍ਹਾਂ ਦੀ ਸੇਵਾ ਘਾਲਣਾ, ਅਨਿਨ ਭਗਤੀ ਅਤੇ ਪ੍ਰਬੰਧਕੀ ਯੋਗਤਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਉਨ੍ਹਾਂ ­ਨੂੰ ਬਖਸ਼ ਦਿੱਤੀ। ਬਾਬਾ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸ਼ਰਨ ਆਉਣ ਤੋਂ ਪਹਿਲਾਂ ਹਰ ਸਾਲ ਹਰਿਦੁਆਰ ਦੀ ਯਾਤਰਾ ਕਰਦੇ ਸਨ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਜੋ ਬਾਬਾ ਅਮਰਦਾਸ ਜੀ ਦੇ ਭਰਾ ਮਾਣਕ ਚੰਦ ਦੇ ਪੁੱਤਰ ਨਾਲ ਵਿਆਹੀ ਹੋਈ ਸੀ, ਹਰ ਰੋਜ਼ ਦੀ ਤਰ੍ਹਾਂ ਇੱਕ ਦਿਨ ਅੰਮ੍ਰਿਤ ਵੇਲੇ ਗੁਰਬਾਣੀ ਦਾ ਜਾਪ ਕਰ ਰਹੀ ਸੀ। ਆਤਮ ਨੂੰ ਸੁਖ ਦੇਣ ਵਾਲੀ ਬਾਣੀ ਜਦੋਂ ਬਾਬਾ ਅਮਰਦਾਸ ਜੀ ਨੇ ਸਰਵਣ ਕੀਤੀ ਤਾਂ ਉਨ੍ਹਾਂ ਦੇ ਹਿਰਦੇ ਨੂੰ ਠੰਢ ਪੈ ਗਈ। ਜੋ ਸ਼ਬਦ ਬੀਬੀ ਅਮਰੋ ਜੀ ਪੜ੍ਹ ਰਹੇ ਸਨ, ਉਹ ਗੁਰਵਾਕ ਗੁਰੂ ਨਾਨਕ ਦੇਵ ਜੀ ਦਾ ਮਾਰੂ ਰਾਗ ਵਿੱਚ ਉਚਾਰਿਆ ਹੋਇਆ ਹੈ:

                              ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ॥

                       ਜਿਉ ਜਿਉ ਕਿਰਤੁ ਚਲਾਇ ਤਿਉ ਚਲੀਐ ਤਉ ਗੁਣ ਨਹੀ ਅੰਤੁ ਹਰੇ॥

(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-990)

ਬਾਬਾ ਅਮਰਦਾਸ ਜੀ ਦੇ ਕਹਿਣ ’ਤੇ ਬੀਬੀ ਅਮਰੋ ਜੀ ਬਾਬਾ ਜੀ ਨੂੰ 1540 ਈ. ਵਿੱਚ ਖਡੂਰ ਸਾਹਿਬ ਆਪਣੇ ਪਿਤਾ ਦੇ ਦਰਬਾਰ ਲੈ ਆਏ। ਗੁਰੂ ਅੰਗਦ ਦੇਵ ਜੀ ਦੇ ਦਰਸ਼ਨਾ ਤੋਂ ਬਾਅਦ ਆਪ ਪਿੰਡ ਬਾਸਰਕੇ ਵਾਪਸ ਨਾ ਗਏ ਖਡੂਰ ਸਾਹਿਬ ਗੁਰੂ ਜੀ ਪਾਸ ਰਹਿ ਕੇ ਲੰਗਰ ਦੀ ਸੇਵਾ ਅਤੇ ਅੰਮ੍ਰਿਤ ਵੇਲੇ ਪਾਣੀ ਦੀ ਗਾਗਰ ਬਿਆਸ ਦਰਿਆ ਤੋਂ ਲਿਆ ਕੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ ਉਨ੍ਹਾਂ ਦੇ ਨਿਤ ਦੇ ਨੇਮ ਵਿੱਚ ਸ਼ਾਮਲ ਸੀ। ਇਕ ਦਿਨ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਜਲ ਦੀ ਗਾਗਰ ਲਿਆਉਂਦਿਆਂ ਬਾਬਾ ਅਮਰਦਾਸ ਜੀ ਜੁਲਾਹੇ ਦੀ ਖੱਡੀ ਨਾਲ ਠੋਕਰ ਲਗ ਕੇ ਡਿਗ ਪਏ, ਪਰ ਗਾਗਰ ਨੂੰ ਡਿੱਗਣ ਨਾ ਦਿੱਤਾ। ਡਿੱਗਣ ਦੀ ਆਵਾਜ਼ ਸੁਣ ਕੇ ਜੁਲਾਹੀ ਨੇ ਆਪ ਨੂੰ ਅਪਮਾਨਿਤ ਸ਼ਬਦ ਬੋਲੇ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਜੁਲਾਹੀ ਦੇ ਕਹੇ ਬਚਨਾਂ ਦਾ ਪਤਾ ਲੱਗਾ ਤਾਂ ਸਿੱਖ ਪਰੰਪਰਾ ਅਨੁਸਾਰ ਗੁਰੂ ਅੰਗਦ ਦੇਵ ਜੀ ਨੇ ਬਾਬਾ ਅਮਰਦਾਸ ਜੀ ਨੂੰ 12 ਵਰ ਦਿੱਤੇ ਸਨ। ਭਾਈ ਸੰਤੋਖ ਸਿੰਘ ਲਿਖਦੇ ਹਨ:

                       ਤੁਮਹੋ ਨਿਥਾਵਨ ਥਾਨ। ਕਰਿ ਹੋ ਨਿਮਾਨਹਿ ਮਾਨ।

                       ਬਿਨ ਓਟ ਕੀ ਤੁਮ ਓਟ। ਨਿਰਧੇਨ ਕੀ ਧਿਰ ਕੋਟ।

                       ਬਿਨ ਜੋਰ ਕੇ ਤੁਮ ਜੋਰ। ਸਮ ਕੋ ਨ ਹੈ ਤੁਮ ਹੋਰ।

                       ਬਿਨ ਧੀਰ ਕੇ ਤੁਮ ਧੀਰ। ਸਤ ਪੀਰ ਕੇ ਬਡ ਪੀਰ।

                       ਤੁਮ ਹੋ ਸੁ ਗਈ ਬਹੋੜ। ਨਰ ਬੰਧ ਕੇ ਤਿਹ ਛੋੜ।

                       ਘੜ ਭੰਨਬਿ ਸਮਰੱਥ। ਜਗ ਜੀਵ ਕਾ ਤੁਮ ਹੱਥ।    

                       ਬਰ ਦੀਨ ਦ੍ਵਾਦਸ਼ ਹੇਰ। ਸੁਪ੍ਰਸੰਨ ਹੋਇ ਬਡੇਰ।

        ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਲਗਪਗ 22 ਸਾਲ ਗੁਰਗੱਦੀ’ਤੇ ਸੁਭਾਇਮਾਨ ਰਹੇ। ਉਹ ਸਮੇਂ ਸਮੇਂ ’ਤੇ ਖਡੂਰ ਸਾਹਿਬ ਵਿੱਚ ਆਪਣੇ ਪਵਿੱਤਰ ਚਰਨ ਪਾਉਂਦੇ ਰਹੇ।ਗੁਰੂ ਰਾਮਦਾਸ ਜੀ ਸਮੇਂ ਸਿੱਖੀ ਦਾ ਪ੍ਰਚਾਰ ਕੇਂਦਰ ਗੁਰੂ ਕਾ ਚੱਕ ਸੀ, ਜਿਸਦਾ ਵਰਤਮਾਨ ਨਾਮ ਅੰਮ੍ਰਿਤਸਰ ਹੈ। ਗੁਰੂ ਰਾਮਦਾਸ ਜੀ ਜਦੋਂ ਵੀ ਅੰਮ੍ਰਿਤਸਰ ਤੋਂ ਗੋਇੰਦਵਾਲ ਆਉਂਦੇ ਤਾਂ ਉਹ ਖਡੂਰ ਸਾਹਿਬ ਹੋ ਕੇ ਜਾਂਦੇ ਸਨ। ਗੁਰੂ ਅਰਜਨ ਦੇਵ ਜੀ ਨੇ ਵੀ ਇਸ ਨਗਰ ਵਿੱਚ ਚਰਨ ਪਾਏ। ਆਪ ਜੀ, ਮਾਤਾ ਖੀਵੀ ਜੀ ਦੇ ਗੁਰਪੁਰੀ ਸਿਧਾਰਨ ਦੀ ਖਬਰ ਸੁਣ ਕੇ ਖਡੂਰ ਸਾਹਿਬ ਆਏ। ਗੁਰੂ ਅਰਜਨ ਦੇਵ ਜੀ ਨੇ 1590 ਈ. ਵਿੱਚ ਤਰਨ ਤਾਰਨ ਨਗਰ ਵਸਾਇਆ, ਇਸ ਨਗਰ ਦੀ ਸਥਾਪਨਾ ਤੋਂ ਬਾਅਦ ਗੁਰੂ ਜੀ ਵੱਖ-ਵੱਖ ਨਗਰਾਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦੇ ਖਡੂਰ ਸਾਹਿਬ ਪਹੁੰਦੇ ਸਨ।

        ਸ੍ਰੀ ਗੁਰੁ ਪ੍ਰਤਾਪ ਸੂਰਜ ਗ੍ਰੰਥ ਅਤੇ ਗੁਰਬਿਲਾਸ ਪਾਤਸ਼ਾਹੀ-6 ਅਨੁਸਾਰ ਗੁਰੂ ਅਰਜਨ ਦੇਵ ਜੀ ਜਿਸ ਸਮੇਂ ਪੋਥੀਆਂ ਲੈਣ ਗੋਇੰਦਵਾਲ ਆਏ ਸਨ, ਪੋਥੀਆਂ ਲੈਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਚਲ ਕੇ ਖਡੂਰ ਸਾਹਿਬ ਆ ਕੇ ਰੁਕੇ ਸਨ। ਗੁਰੂ ਅਰਜਨ ਦੇਵ ਜੀ ਅਤੇ ਬਾਬਾ ਦਾਤੂ ਜੀ ਵਿਚਕਾਰ ਵਿਚਾਰ ਗੋਸ਼ਟਿ ਹੋਈ। ਗੁਰੂ ਅਰਜਨ ਦੇਵ ਜੀ, (ਗੁਰੂ) ਹਰਿਗੋਬਿੰਦ ਸਾਹਿਬ ਦੇ ਵਿਆਹ ਸਮੇਂ ਵੀ ਬਰਾਤ ਸਮੇਤ ਖਡੂਰ ਸਾਹਿਬ ਇੱਕ ਰਾਤ ਲਈ ਰੁਕੇ ਸਨ।

ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚੋਂ ਰਿਹਾਅ ਹੋਣ ਤੋਂ ਬਾਅਦ ਵੱਖ-ਵੱਖ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰਦੇ ਹੋਏ 1619 ਈ. ਨੂੰ ਖਡੂਰ ਸਾਹਿਬ ਆਏ ਸਨ। ਬੀਬੀ ਵੀਰੋ ਜੀ ਦਾ ਵਿਆਹ ਮੱਲੇ ਨਿਵਾਸੀ ਧਰਮੇ ਖੋਸਲੇ ਦੇ ਸਪੁੱਤਰ ਸਾਧੂ ਜੀ ਨਾਲ 26 ਜੇਠ ਸੰਮਤ 1685 ਨੂੰ ਹੋਣਾ ਨੀਯਤ ਹੋਇਆ, ਪਰ ਬਾਦਸ਼ਾਹ ਸ਼ਾਹਜਹਾਂ ਨਾਲ ਬਾਜ ਪਿੱਛੇ ਝਗੜਾ ਹੋਣ ਕਰਕੇ ਬੀਬੀ ਵੀਰੋ ਜੀ ਦਾ ਵਿਆਹ ਝਬਾਲ ਵਿੱਚ ਕੀਤਾ ਗਿਆ ਸੀ। 26 ਜੇਠ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਬੀਬੀ ਵੀਰੋ ਜੀ ਦੇ ਅਨੰਦ ਕਾਰਜ ਦੀਆਂ ਰਸਮਾਂ ਸੰਪੂਰਨ ਕਰਨ ਤੋਂ ਬਾਅਦ ਖਡੂਰ ਸਾਹਿਬ ਪਹੁੰਚੇ ਸਨ। ਭਾਈ ਗੁਰਦਾਸ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣ ਕੇ ਗੁਰੂ ਹਰਿਗੋਬਿੰਦ ਸਾਹਿਬ ਗੋਇੰਦਵਾਲ ਆਏ ਸਨ। ਭਾਈ ਗੁਰਦਾਸ ਜੀ ਦਾ ਅੰਤਿਮ ਸਸਕਾਰ ਗੁਰੂ ਜੀ ਨੇ ਆਪਣੇ ਹੱਥੀ ਕੀਤਾ, ਵਾਪਸ ਅੰਮ੍ਰਿਤਸਰ ਨੂੰ ਜਾਂਦਿਆਂ ਗੁਰੂ ਜੀ ਪਰਿਵਾਰ ਸਮੇਤ ਖਡੂਰ ਸਾਹਿਬ ਠਹਿਰੇ। ਗੁਰੂ ਅੰਗਦ ਦੇਵ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਨ ਉਪਰੰਤ ਅੰਮ੍ਰਿਤਸਰ ਵੱਲ ਨੂੰ ਚੱਲ ਪਏ।

        ਸਰੂਪ ਦਾਸ ਭੱਲਾ ਦੇ ਕਥਨ ਅਨੁਸਾਰ ਗੁਰੂ ਹਰਿ ਰਾਇ ਜੀ ਗੋਇੰਦਵਾਲ ਸਾਹਿਬ ਗੁਰ ਅਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਖਡੂਰ ਸਾਹਿਬ ਆਏ, ਅਤੇ ਗੁਰੂ ਅੰਗਦ ਦੇਵ ਜੀ ਦੀ ਬੰਸ਼ ਦਾ ਸਤਿਕਾਰ ਕੀਤਾ ਅਤੇ ਇੱਕ ਰਾਤ ਇਸ ਨਗਰ ਵਿੱਚ ਬਤੀਤ ਕੀਤੀ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਤੇਗ ਬਹਾਦਰ ਜੀ ਗੁਰਗੱਦੀ ਤੇ ਸੁਭਾਇਮਾਨ ਹੋਣ ਉਪਰੰਤ ਅੰਮ੍ਰਿਤਸਰ ਦਰਸ਼ਨਾ ਨੂੰ ਜਾਂਦੇ ਹੋਏ ਖਡੂਰ ਸਾਹਿਬ ਹਾੜ ਸੰਮਤ 1721 ਵਿੱਚ ਪੁੱਜੇ ਸਨ।

        ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਸਿਰਸਾ ਨਦੀ ਨੂੰ ਪਾਰ ਕਰਕੇ 7 ਪੋਹ ਸੰਮਤ 1761 ­ਨੂੰ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅਤੇ 40 ਸਿੰਘਾਂ ਸਮੇਤ ਚਮਕੌਰ ਸਾਹਿਬ ਪੁੱਜੇ ਸਨ। 8 ਪੋਹ ਨੂੰ 10 ਲੱਖ ਮੁਗ਼ਲ ਸੈਨਾ ਨਾਲ ਘਮਸਾਨ ਦਾ ਯੁੱਧ ਹੋਇਆ ਸੀ। ਯੁੱਧ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਤਿੰਨ ਸਿੰਘ ਭਾਈ ਪੰਜਾਬ ਸਿੰਘ, ਭਾਈ ਦਮੋਦਰ ਸਿੰਘ, ਭਾਈ ਭਗਵਾਨ ਸਿੰਘ ਖਡੂਰ ਸਾਹਿਬ ਨਗਰ ਦੇ ਨਿਵਾਸੀ ਸਨ। ਸੀਨਾ-ਬਸੀਨਾ ਚੱਲੀ ਆਉਂਦੀ ਪਰੰਪਰਾ ਅਨੁਸਾਰ ਮੁਕਤਸਰ ਦੇ ਯੁੱਧ ਵਿੱਚ ਸ਼ਹੀਦ ਹੋਣ ਵਾਲੇ ਚਾਲੀ ਮੁਕਤਿਆਂ ਵਿਚੋਂ ਦੋ ਸ਼ਹੀਦ ਮੁਕਤੇ ਖਡੂਰ ਸਾਹਿਬ ਦੇ ਨਿਵਾਸੀ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਮੁਖਾਰਬਿੰਦ ਤੋਂ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਸ੍ਰਵਨ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਅਠਤਾਲੀ (48) ਸਿੰਘਾਂ ਵਿੱਚੋਂ ਤਿੰਨ ਸਿੰਘ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਮੇਵਾ ਸਿੰਘ ਖਡੂਰ ਸਾਹਿਬ ਦੇ ਵਸਨੀਕ ਸਨ।

        ਗੁਰੂ ਗੋਬਿੰਦ ਸਿੰਘ ਨੇ ਨਾਂਦੇੜ ਸਾਹਿਬ (ਮਹਾਰਾਸ਼ਟਰ) ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਸ਼ੀਰਵਾਦ ਦੇ ਕੇ ਜ਼ੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਤੋਰਿਆ ਸੀ। ਗੁਰੂ ਜੀ ਨੇ ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ ਅਤੇ ਆਪਣੇ ਭੱਥੇ ਵਿੱਚੋਂ ਪੰਜ ਤੀਰ ਦਿੱਤੇ ਅਤੇ ਪੰਜਾਂ ਪਿਆਰਿਆਂ ਵਜੋਂ ਪੰਜ ਸਿੰਘ ਭਾਈ ਬਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਯਾ ਸਿੰਘ ਅਤੇ ਭਾਈ ਰਣ ਸਿੰਘ ਸਮੇਤ 20 ਸਿੰਘ ਸਹਾਇਤਾ ਲਈ ਵੀ ਨਾਲ ਭੇਜੇ ਸਨ। ਭਾਈ ਬਿਨੋਦ ਸਿੰਘ ਅਤੇ ਭਾਈ ਕਾਹਨ ਸਿੰਘ ਪਿਉ-ਪੁੱਤਰ ਸਨ, ਜੋ ਗੁਰੂ ਅੰਗਦ ਦੇਵ ਜੀ ਦੀ ਬੰਸ਼ ਵਿੱਚੋਂ ਸਨ।ਇਹ ਦੋੇਵੇਂ ਸਿੰਘ ਖਡੂਰ ਸਾਹਿਬ ਦੇ ਨਿਵਾਸੀ ਸਨ, ਉਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ। ਕਰਨਾਲ ਸ਼ਹਿਰ ਫਤਹਿ ਕਰਨ ਤੋਂ ਬਾਅਦ ਉਸ ਸ਼ਹਿਰ ਦਾ ਪ੍ਰਬੰਧ ਬਾਬਾ  ਬਿਨੋਦ ਸਿੰਘ ਨੂੰ ਸੌਪਿਆ ਗਿਆ ਸੀ। ਮਾਰਚ 1716 ਈ. ਵਿੱਚ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨਾਲ ਗ੍ਰਿਫਤਾਰ ਕੀਤੇ ਗਏ ਸਿੰਘਾਂ ਵਿੱਚ 15 ਸਿੰਘ ਖਡੂਰ ਸਾਹਿਬ ਦੇ ਸਨ, ਜਿਨ੍ਹਾਂ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ।

                ਸਿੱਖ ਮਿਸਲਾਂ ਦੇ ਸਮੇਂ ਖਡੂਰ ਸਾਹਿਬ ਨਗਰ ਆਹਲੂਵਾਲੀਆ ਮਿਸਲ ਦੇ ਪ੍ਰਬੰਧ ਵਿੱਚ ਰਿਹਾ ਹੈ। ਬਾਰ੍ਹਾਂ ਮਿਸਲਾਂ ਨੂੰ ਇਕੱਠਿਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ 19ਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਸਿੱਖ ਰਾਜ ਸਥਾਪਿਤ ਕਰ ਦਿੱਤਾ ਸੀ। ਇਤਿਹਾਸ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੀ ਸਥਾਪਤੀ ਤੋਂ ਬਾਅਦ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਇਤਿਹਾਸਿਕ ਗੁਰਦੁਆਰਿਆਂ ਦੀ ਵੱਡੇ ਪੱਧਰ ਤੇ ਸੇਵਾ ਕਰਾਈ ਸੀ। ਖਡੂਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਗੁਰੁਦਆਰਾ ਤਪਿਆਣਾ ਸਾਹਿਬ ਅਤੇ ਗੁਰੁਦਆਰਾ ਅੰਗੀਠਾ ਸਾਹਿਬ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਸ੍ਰ. ਚਿਮਨਾ ਸਿੰਘ ਕੋਲੋਂ ਕਰਵਾਈ ਸੀ। ਤਕਰੀਬਨ ਇਸ ਤੋਂ ਸੌ ਸਾਲ ਬਾਅਦ ਇਸ ਅਸਥਾਨ ਦੀ ਅਧਿਆਤਮਕ ਮਹੱਤਤਾ ਨੂੰ ਪਛਾਣਦਿਆਂ ਸੰਤ ਬਾਬਾ ਗੁਰਮੁਖ ਸਿੰਘ ਜੀ ਨੇ ਇਥੇ ਕਾਰ-ਸੇਵਾ ਦਾ ਹੈੱਡਕੁਆਟਰ ਬਣਾਕੇ ਇਨ੍ਹਾਂ ਅਸਥਾਨਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਅਰੰਭੀ। ਸਮੇਂ ਸਮੇਂ ਸੰਤ ਬਾਬਾ ਸਾਧੂ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਬਾਬਾ ਉੱਤਮ ਸਿੰਘ ਜੀ ਅਤੇ ਅਜਕਲ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਇਨ੍ਹਾਂ ਸੇਵਾਵਾਂ ਨੂੰ ਅੱਗੇ ਵਧਾ ਰਹੇ ਹਨ। ਅੱਜ ਇਹ ਸੇਵਾ ਕੇਵਲ ਇਤਿਹਾਸਿਕ ਅਸਥਾਨਾਂ ਦੀਆਂ ਇਮਾਰਤਾਂ ਬਣਾਉੇਣ ਜਾਂ ਸੰਵਾਰਨ ਤੱਕ ਹੀ ਨਹੀਂ ਬਲਕਿ ਇਨ੍ਹਾਂ ਸੇਵਾਵਾਂ ਨੇ ਧਾਰਮਿਕ, ਸਮਾਜਕ, ਵਿੱਦਿਅਕ ਅਤੇ ਵਾਤਰਵਰਨ ਸੰਭਾਲ ਸਬੰਧੀ ਕਾਰਜਾਂ ਵਿੱਚ ਅਥਾਹ ਯੋਗਦਾਨ ਪਾਕੇ ਇੱਕ ਨਿਵੇਕਲੀ ਦਿਸ਼ਾ ਪ੍ਰਦਾਨ ਕੀਤੀ ਹੈ। 

ਖਡੂਰ ਸਾਹਿਬ ਪੰਜਾਬ ਰਾਜ ਦਾ ਪ੍ਰਸ਼ਾਸਨਿਕ ਅਤੇ ਲੋਕ ਸਭਾ ਦਾ ਹਲਕਾ ਵੀ ਹੈ। ਅੱਜ ਕਾਰ ਸੇਵਾ ਖਡੂਰ ਸਾਹਿਬ ਦੀਆਂ ਵਿੱਦਿਅਕ, ਵਾਤਾਵਰਨ ਅਤੇ ਲੋਕ ਭਲਾਈ ਯੋਜਨਾਵਾਂ ਦੇ ਪ੍ਰਸਾਰ ਦੇ ਨਾਲ ਖਡੂਰ ਸਾਹਿਬ ਦੁਨੀਆਂ ਭਰ ਦੇ ਨਕਸ਼ੇ ਉੱਪਰ ਉਭਰ ਰਿਹਾ ਹੈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਖਡੂਰ ਸਾਹਿਬ ਸਿੱਖ ਧਰਮ ਦਾ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਵਾਲਾ ਇਕ ਵਿਸ਼ੇਸ਼ ਨਗਰ ਹੈ। ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਉਪਰੰਤ ਗੁਰੂ ਅੰਗਦ ਦੇਵ ਜੀ ਸਮੇਂ ਇਹ ਨਗਰ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦਾ ਪ੍ਰਮੁੱਖ ਕੇਂਦਰ ਸੀ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਇਸ ਨਗਰ ਦਾ ਸਿੱਖ ਧਰਮ ਦੇ ਤਵਾਰੀਖੀ ਪੰਨਿਆ ਨਾਲ ਸੰਬੰਧ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਰਿਹਾ ਹੈ।

      ਅੱਜ ਦੇ ਸਮੇਂ ਜਦ ਆਵਾਜਾਈ ਦੇ ਸਾਧਨ ਬਹੁਤ ਵੱਧ ਗਏ ਹਨ ਤਾਂ ਸੰਗਤਾਂ ਦੂਰ-ਨੇੜੇ ਤੋਂ ਵੱਡੀ ਗਿਣਤੀ ਵਿੱਚ ਰੋਜ਼ਾਨਾ ਹੀ ਇਸ ਅਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ੳਮਪ;ਲਾ ਕਰਦੀਆਂ ਹਨ। ਇਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਵੱਲੋਂ ਅੱਠੇ-ਪਹਿਰ ਲੰਗਰਾਂ ਦੀਆਂ ਸੇਵਾਵਾਂ ਦੇ ਨਾਲ-ਨਾਲ ਰਿਹਾਇਸ਼ ਲਈ ਸਰਾਵਾਂ ਦਾ ਸੁਚੱਜਾ ਪ੍ਰਬੰਧ ਮੌਜ਼ੂਦ ਹੈ।