ਖਡੂਰ ਸਾਹਿਬ
ਕਾਰ ਸੇਵਾ: ਆਰੰਭ ਅਤੇ ਵਿਕਾਸ
ਸਿੱਖ ਧਰਮ ਵਿੱਚ ਸੇਵਾ ਦਾ ਅਧਿਕ ਮਹੱਤਵ ਹੈ, ਇਹ ਸਚਮੁੁੱਚ ਇੱਕ ਨਿਸ਼ਕਾਮ ਸਾਧਨਾ ਹੈ। ਇਸਦਾ ਮਨੁੱਖਤਾ ਦੇ ਕਲਿਆਣ ਵਿੱਚ ਵਿਸ਼ੇਸ਼ ਮਹੱਤਵ ਹੈ। ਸੰਸਾਰ ਦੇ ਲਗਭਗ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਸੇਵਾ ਦੀ ਗੱਲ ਹੋਈ ਮਿਲ ਜਾਂਦੀ ਹੈ। ਭਗਤੀ ਮਾਰਗ ਵਿੱਚ ਇਸਦਾ ਵਿਸ਼ੇਸ਼ ਸਥਾਨ ਹੈ।
ਅਰਥ:- ਸੇਵਾ ਸੰਸਕ੍ਰਿਤ ਦਾ ਸ਼ਬਦ ਤੇ ਪ੍ਰਕਰਣ ਅਨੁਸਾਰ ਇਸਦੇ ਵੱਖ-ਵੱਖ ਅਰਥ ਹਨ, ਜਿਵੇਂ- ਖਿਦਮਤ, ਟਹਿਲ, ਸਿਮਰਨ, ਬੰਦਗੀ, ਪੂਜਾ, ਉਪਾਸਨਾ। ਫਾਰਸੀ ਵਿੱਚ ਸ਼ੇਵਹ, ਤਰੀਕਾ ਅਤੇ ਕਾਇਦਾ। ਸਿੰਧੀ ਵਿੱਚ ਸੇਵਾ ਦਾ ਉਚਾਰਣ ਸ਼ੇਵਾ ਹੈ। ਇਸਦਾ ਅਰਥ ਪੂਜਾ ਭੇਟਾ ਵੀ ਹੈ।
ਗੁਰੂ ਕਾਲ:- ਸੇਵਾ ਦਾ ਮਹਾਤਮ ਸਿੱਖ ਧਰਮ ਦੇ ਆਰੰਭ ਤੋਂ ਹੀ ਪ੍ਰਤੱਖ ਹੈ। ਗੁਰੂ ਨਾਨਕ ਦੇਵ ਜੀ ਨੇ ਛੋਟੀ ਉਮਰ ਵਿੱਚ ਹੀ ਆਪਣਾ ਮਿਸ਼ਨ ਮਾਨੋ ਸੇਵਾ ਨਾਲ ਆਰੰਭ ਕੀਤਾ। ਪਿਤਾ ਜੀ ਦੁਆਰਾ ਵਪਾਰ ਲਈ ਦਿੱਤੇ ਵੀਹ ਰੁਪਇਆਂ ਨਾਲ ਸਾਧ ਜਨਾਂ ਦੀ ਸੇਵਾ, ਜੋ ਸਿੱਖੀ ਦੀ ਅਧਾਰਸ਼ਿਲਾ ਸੀ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਨੂੰ ਸੇਵਾ ਦਾ ਕੇਂਦਰ ਬਣਾ ਕੇ ਲੰਗਰ, ਪੰਗਤ, ਸੰਗਤ ਨੂੰ ਸੁਰਜੀਤ ਰੱਖਿਆ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਨੇ ਨਗਰਾਂ ਦੀ ਸਥਾਪਨਾ ਕਰਕੇ ਸੇਵਾ ਦੇ ਮਹਾਨ ਕੇਂਦਰ ਸਥਾਪਿਤ ਕੀਤੇ। ਸੋ ਇਸੇ ਤਰਾਂ ਗੁਰੂ ਕਾਲ (1469 ਤੋਂ 1708) ਤੋਂ ਬਾਅਦ ਬੇਅੰਤ ਸਿੱਖਾਂ ਦੀਆਂ ਮਿਸਾਲਾਂ ਹਨ, ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕੀਤਾ ਜਾਂ ਆਪਣਾ ਆਪ ਕੁਰਬਾਨ ਕੀਤਾ।
18ਵੀਂ ਸਦੀ ਦਰਮਿਆਨ:- ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਸਿੱਖਾਂ ਨੂੰ ਮੁਗਲਾਂ ਅਤੇ ਅਫਗਾਨਾਂ ਦੇ ਜੁਲਮਾਂ ਵਿਰੁੱਧ ਲਗਭਗ ਇੱਕ ਸਦੀ ਤੱਕ ਸੰਘਰਸ਼ ਕਰਨਾ ਪਿਆ। ਇਸ ਸੰਘਰਸ਼ ਵਿੱਚ ਸਿੱਖਾਂ ਨੂੰ ਘਰ-ਬਾਰ ਛੱਡ ਕੇ ਜੰਗਲਾਂ, ਪਹਾੜਾਂ ਵਿੱਚ ਟਿਕਾਣਾ ਕਰਨਾ ਪਿਆ। ਮੁਗਲਾਂ ਤੇ ਹਮਲਾਵਰਾਂ ਨੇ ਸਿੱਖਾਂ ਦੇ ਗੁਰਧਾਮਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸਿੱਖ ਇਸ ਔਖੀ ਘੜੀ ਵਿੱਚ ਗੁਰਦੁਆਰਿਆਂ ਦੀ ਸੇਵਾ-ਸੰਭਾਲ ਨਾ ਕਰ ਸਕੇ। ਕਈ ਜਗ੍ਹਾ ਤੇ ਉਦਾਸੀ, ਸੇਵਾਪੰਥੀ, ਨਿਰਮਲੇ ਸੰਤਾਂ ਵੱਲੋਂ ਸੰਭਾਲ ਕੀਤੀ ਜਾਂਦੀ ਰਹੀ।
ਸਿੱਖ ਰਾਜ ਸਥਾਪਤੀ ਵੇਲੇ:- ਅਖੀਰ ਲੰਬੇ ਸੰਘਰਸ਼ ਬਾਅਦ ਗੁਰੂ ਦੀ ਕਿਰਪਾ ਸਦਕਾ (1799 ਤੋਂ 1839) ਮਹਾਰਾਜਾ ਰਣਜੀਤ ਸਿੰਘ ਦੁਆਰਾ ਵਿਸ਼ਾਲ ਸੁਤੰਤਰ ਸਿੱਖ ਰਾਜ ਦੀ ਸਥਾਪਨਾ ਕਰ ਦਿੱਤੀ ਗਈ ਤੇ ਉਸ ਵੇਲੇ ਉਸਨੇ ਆਪਣੇ ਫਰਜ਼ ਪਹਿਚਾਣਦਿਆਂ ਪੰਜਾਬ ਤੇ ਪੰਜਾਬ ਤੋਂ ਬਾਹਰ ਅਨੇਕ ਗੁਰਦੁਆਰਿਆਂ ਦੀ ਸੇਵਾ ਦਾ ਕਾਰਜ ਕਰਵਾਇਆ ਪ੍ਰੰਤੂ 1839 ਈ. ਵਿੱਚ ਮਹਾਰਾਜਾ ਦੀ ਮੌਤ ਪਿੱਛੋਂ ਸਿੱਖ ਰਾਜ ਦਸ ਸਾਲਾਂ ਅੰਦਰ ਖ਼ਤਮ ਹੋ ਗਿਆ ਅਤੇ ਗੁਰਦੁਆਰਿਆਂ ਦੀ ਸੇਵਾ ਦਾ ਕੰਮ ਅਪੂਰਨ ਰਹਿ ਗਿਆ।
ਮਹਾਪੁਰਖ ਬਾਬਾ ਗੁਰਮੁੱਖ ਸਿੰਘ ਜੀ:- ਗੁਰੂ ਸਾਹਿਬਾਨ ਅਤੇ 18ਵੀਂ ਸਦੀ ਤੋਂ ਬਾਅਦ ਸਿੱਖ ਰਾਜ ਦੀ ਸਥਾਪਤੀ ਬਾਅਦ ਗੁਰੂ ਸਾਹਿਬਾਨ ਦੀ ਕਿਰਪਾ ਨਾਲ ਮਹਾਨ ਕਰਨੀ ਵਾਲੇ ਮਹਾਂਪੁਰਖਾਂ ਦੇ ਜੀਵਨ ਉੱਪਰ ਅਧਾਰਤ ਸੰਪਰਦਾਇ ਹੋਂਦ ਵਿੱਚ ਆਏ ਹਨ। ਇਸੇ ਤਰ੍ਹਾਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਤੋਂ ਆਰੰਭ ਹੋਈ ਕਾਰ ਸੇਵਾ ਬ੍ਰਹਮ ਗਿਆਨੀ ਬਾਬਾ ਗੁਰਮੁੱਖ ਸਿੰਘ ਜੀ ਦੇ ਪਵਿੱਤਰ ਜੀਵਨ ਰਾਹੀ ਹੁਣ ਇੱਕ ਸੰਪਰਦਾਇ ਦੇ ਰੂਪ ਵਿੱਚ ਪ੍ਰਵਾਨਿਤ ਹੋ ਚੁੱਕੀ ਹੈ। ਸਿੱਖ ਰਾਜ ਦੇ ਅੰਤ ਪਿੱਛੋਂ ਬਾਬਾ ਗੁਰਮੁੱਖ ਸਿੰਘ ਜੀ ਦਾ ਜਨਮ ਪਟਿਆਲਾ ਰਾਜ ਦੇ ਨਗਰ ਦਿਆਲਗੜ੍ਹ (ਬੂੜੀਆ) ਕਿਲ੍ਹਾ ਰਾਵੀ ਸੁੱਖਾਂ ਵਿਖੇ 1848 ਈ. ਨੂੰ ਸ. ਕਰਮ ਸਿੰਘ ਦੇ ਗ੍ਰਹਿ ਮਾਤਾ ਗੁਰਦੇਈ ਜੀ ਦੀ ਕੁੱਖੋਂ ਹੋਇਆ। ਜੁਆਨੀ ਵੇਲੇ ਕੁੱਝ ਸਮਾਂ ਪਟਿਆਲੇ ਦੇ ਸ਼ਾਹੀ ਮਹਾਵਤ ਖਾਨੇ ਵਿੱਚ ਪੰਜ ਰੁਪਏ ਮਹੀਨਾ ਨੌਕਰੀ ਕਰਨ ਪਿੱਛੋਂ ਫੌਜ ਵਿੱਚ ਭਰਤੀ ਹੋਏ। ਫੌਜ ਵਿੱਚੋਂ ਆ ਕੇ ਆਪ ਨੇ ਸਾਰਾ ਜੀਵਨ ਵਾਹਿਗੁਰੂ ਦੇ ਅਰਪਣ ਕਰਨ ਅਤੇ ਸੇਵਾ ਵਿੱਚ ਲਾਉਣ ਦਾ ਫੈਸਲਾ ਕਰ ਲਿਆ।
ਬੀਰਮ ਦਾਸ ਮਹਾਂਪੁਰਖ ਦੀ ਸੰਗਤ ਵਿੱਚ ਸੇਵਾ:- ਕਾਰ ਸੇਵਾ ਦੇ ਇਤਿਹਾਸ ਵਿੱਚ ਇਸ ਕਾਲ ਵੇਲੇ ਬਾਬਾ ਬੀਰਮ ਦਾਸ ਜੀ ਮਹਾਂਪੁਰਖ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਬਾਬਾ ਗੁਰਮੁੱਖ ਸਿੰਘ ਜੀ ਆਪ ਜੀ ਕੋਲ ਰਹਿ ਕੇ ਸੇਵਾ ਸਿਮਰਨ ਕਰਦੇ ਰਹੇ। ਬਾਬਾ ਬੀਰਮ ਦਾਸ ਜੀ ਦੀ ਪ੍ਰੇਰਨਾ ਨਾਲ ਹੀ ਗੁਰਧਾਮਾਂ ਦੀ ਕਾਰ ਸੇਵਾ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਲਈ ਆਪ ਪਿੰਡ ਬਧੌਸ਼ੀ ਜਿਲ੍ਹਾ ਪਟਿਆਲਾ ਤੋਂ ਸ੍ਰੀ ਅੰਮ੍ਰਿਤਸਰ ਪਹੁੰਚੇ। ਆਪ ਜੀ ਦੇ ਨਾਲ ਬਾਬਾ ਸਾਧੂ ਸਿੰਘ ਜੀ ਅਤੇ ਬਾਬਾ ਨੰਦ ਸਿੰਘ ਜੀ ਨਿਹੰਗ ਸਿੰਘ ਵੀ ਆਏ ਸਨ। ਬਾਬਾ ਗੁਰਮੁੱਖ ਸਿੰਘ ਜੀ ਅਤੇ ਬਾਬਾ ਸਾਧੂ ਸਿੰਘ ਜੀ ਨੂੰ ਸੰਗਤਾਂ ਸਤਿਕਾਰ ਨਾਲ ਹੰਸਾਂ ਦੀ ਜੋੜੀ ਵੀ ਕਿਹਾ ਕਰਦੀਆਂ ਸਨ।
ਅੰਮ੍ਰਿਤਸਰ ਸਾਹਿਬ ਆਉਣਾ:- 1903 ਈ. ਵਿੱਚ ਬਾਬਾ ਗੁਰਮੁੱਖ ਸਿੰਘ ਜੀ ਜਦ ਅੰਮ੍ਰਿਤਸਰ ਪਹੁੰਚੇ। ਇਥੇ ਪਹੁੰਚ ਕੇ ਆਪ ਨੇ ਮਲਵਈ ਬੁੰਗੇ ਵਿੱਚ ਟਿਕਾਣਾ ਕੀਤਾ, ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲੇ ਮਹਾਂਪੁਰਖ (ਜਿਨ੍ਹਾ ਨੇ 72 ਸਾਲ ਦਰਬਾਰ ਸਾਹਿਬ ਕੀਰਤਨ ਸੇਵਾ, (ਸਰੰਦੇ ਨਾਲ) ਨਿਭਾਈ) ਆਪ ਜੀ ਨੂੰ ਆ ਕੇ ਮਿਲੇ, ਬਾਬਾ ਸ਼ਾਮ ਸਿੰਘ ਜੀ, ਬਾਬਾ ਗੁਰਮੁੱਖ ਸਿੰਘ ਜੀ ਦੀ ਆਤਮਿਕ ਉੱਚਤਾ ਨੂੰ ਪਛਾਣ ਗਏ ਅਤੇ ਬਾਬਾ ਜੀ ਨਾਲ ਮਿਲ ਕੇ ਕਾਰ ਸੇਵਾ ਤੇ ਨਾਮ ਬਾਣੀ ਦਾ ਪ੍ਰਵਾਹ ਜਾਰੀ ਕਰ ਦਿੱਤਾ।
ਸਭ ਤੋਂ ਪਹਿਲਾਂ ਸੰਤੋਖਸਰ ਸਾਹਿਬ ਸਰੋਵਰ ਦੀ ਸੇਵਾ:- ਅੰਗਰੇਜ਼ਾਂ ਦਾ ਰਾਜ ਹੋਣ ਕਾਰਨ ਜਿੱਥੇ ਜਿਆਦਾਤਰ ਗੁਰਧਾਮ ਅੰਗਰੇਜ਼ਾਂ ਦੇ ਪਿੱਠੂਆਂ ਦੇ ਕਬਜੇ ਹੇਠ ਸਨ। ਉਥੇ ਨਾਲ ਹੀ ਕਈ ਇਮਾਰਤਾਂ ਸਿੱਖ ਸਿਧਾਤਾਂ ਦੀ ਥਾਂ ਤੇ ਅਨਮਤਾਂ ਦੇ ਅਸਰ ਹੇਠ ਸਨ। ਅੰਮ੍ਰਿਤਸਰ ਦੇ ਲੋਕ ਇਤਨੇ ਲਾਪਰਵਾਹ ਹੋ ਗਏ ਕਿ ਘਰਾਂ ਦਾ ਗੰਦਾ ਪਾਣੀ ਤੇ ਕੂੜਾ ਕਰਕਟ ਸਰੋਵਰ ਵਿੱਚ ਪਾ ਦਿੰਦੇ ਸਨ। ਅੰਗਰੇਜ਼ ਮਿਊਸੀਪਲ ਅਫਸਰ ਨੇ ਸੰਤੋਖਸਰ ਸਰੋਵਰ ਨੂੰ ਪੂਰਨ ਦਾ ਮਤਾ ਪਾਸ ਕਰ ਦਿੱਤਾ। ਜਦ ਇਹ ਖਬਰ ਬਾਬਾ ਗੁਰਮੁੱਖ ਸਿੰਘ ਅਤੇ ਬਾਬਾ ਸ਼ਾਮ ਸਿੰਘ ਜੀ ਨੂੰ ਮਿਲੀ ਤਾਂ ਉਨ੍ਹਾਂ ਫੈਸਲਾ ਕੀਤਾ ਕਿ ਸੰਤੋਖਸਰ ਦੀ ਸੇਵਾ ਸ਼ੁਰੂ ਕੀਤੀ ਜਾਵੇ।
ਸਰੋਵਰ ਤੇ ਹੰਸਲੀ ਦੀ ਸੇਵਾ:- ਸੰਤੋਖਸਰ ਸਰੋਵਰ ਦੀ ਸਫਾਈ ਕਰਵਾਈ, ਫਰਸ਼, ਪੌੜੀਆਂ ਨਵੀਨ ਬਣਵਾਈਆਂ, ਪ੍ਰਕਰਮਾਂ ਦੀ ਸੇਵਾ ਕੀਤੀ, ਬਾਬਾ ਗੁਰਮੁੱਖ ਸਿੰਘ ਜੀ ਨੇ ਕਾਰ ਸੇਵਾ ਦੇ ਕਾਰਜਾਂ ਨੂੰ ਨਿਰਵਿਘਨ ਚਲਾਉਣ ਲਈ ਅਰਦਾਸ ਕਰਵਾਈ ਕਿ 25 ਨੇਮੀ ਸਿੰਘ ਕਾਰ ਸੇਵਾ ਵਿੱਚ ਹਾਜ਼ਰ ਹੋਣ। ਇਨ੍ਹਾਂ ਵਿੱਚੋਂ ਹੀ ਸਮਕਾਲੀ ਬਾਬਾ ਸ਼ਾਮ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਹਜਾਰਾ ਸਿੰਘ, ਬਾਬਾ ਖੜਕ ਸਿੰਘ ਬੀੜ ਸਾਹਿਬ ਵਾਲੇ, ਬਾਬਾ ਦਲੀਪ ਸਿੰਘ ਆਦਿਕ ਹੋਰ ਮਹਾਂਪੁਰਖ ਸਨ। ਸੰਤੋਖਸਰ ਸਰੋਵਰ ਦੀ ਕਾਰ ਸੇਵਾ ਉਪਰੰਤ ਘੀ ਮੰਡੀ ਦੇ ਬਾਹਰ ਤੋਂ ਲੈ ਕੇ ਸਰੋਵਰ ਤੱਕ ਹੰਸਲੀ ਬਣਾ ਕੇ ਸੀਮਿੰਟ ਦੇ ਫਰਮੇ ਬਣਾ ਕੇ ਪੱਕੀ ਕਰ ਦਿੱਤੀ ਗਈ, ਇਹ ਸੇਵਾ 10 ਸਾਲ ਵਿੱਚ ਪੂਰੀ ਹੋਈ।
ਤਰਨ ਤਾਰਨ ਸਾਹਿਬ ਵਿੱਚ ਸੇਵਾ:- ਕਾਰ ਸੇਵਾ ਦੁਆਰਾ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਸਰੋਵਰਾਂ ਦੀ ਸਫਾਈ, ਪੌੜ ਪੱਕੇ ਕਰਨਾਂ, ਪਰਿਕਰਮਾਂ ਦੀ ਸੇਵਾ, ਰਸਤਿਆਂ ਦੀ ਸੇਵਾ, ਹੰਸਲੀਆਂ ਪੱਕੀਆ ਕਰਨ ਦੀ ਸੇਵਾ, ਗੁਰਧਾਮਾਂ ਦੀ ਉਸਾਰੀ, ਕਈ ਜਗ੍ਹਾ ਪੁਲ ਬਣਾਉਣ ਦੀ ਸੇਵਾ ਆਦਿ ਸ਼ਾਮਿਲ ਹਨ। ਇਸੇ ਲੜੀ ਤਹਿਤ ਬਾਬਾ ਸ਼ਾਮ ਸਿੰਘ ਜੀ ਨੇ ਤਰਨ ਤਾਰਨ ਦੀਆ ਸੰਗਤਾਂ ਸਮੇਤ ਬਾਬਾ ਗੁਰਮੁੱਖ ਸਿੰਘ ਜੀ ਪਾਸ ਪੁੱਜ ਕੇ ਸੇਵਾ ਲਈ ਬੇਨਤੀ ਕੀਤੀ। ਸੰਤਾਂ ਨੇ ਤਰਨ ਤਾਰਨ ਡੇਰੇ ਲਾ ਲਏ, ਪਹਿਲਾਂ ਹੰਸਲੀ ਦੀ ਸੇਵਾ ਆਰੰਭੀ। ਪਹਿਲਾਂ ਪੁਟਾਈ ਹੋਈ ਫਿਰ ਸੀਮਿੰਟ ਦੇ ਫਰਮੇ ਤਿਆਰ ਹੋਏ, ਇਸ ਪ੍ਰਕਾਰ ਪੰਜ ਸਾਲਾਂ ਵਿੱਚ ਪੰਜ ਮੀਲ ਲੰਬੀ ਪੱਕੀ ਹੰਸਲੀ ਦੀ ਸੇਵਾ ਸੰਪੂਰਨ ਹੋਈ।
ਇਸ ਉਪਰੰਤ ਸਰੋਵਰ ਦੀ ਕਾਰ ਸੇਵਾ ਆਰੰਭੀ, ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਗਾਰ ਕੱਢੀ, ਉਪਰੰਤ ਪੌੜੀਆਂ ਬਣਵਾਈਆਂ ਤੇ ਮੁਰੰਮਤ ਕਰਨ ਦਾ ਕਾਰਜ ਆਰੰਭ ਹੋਇਆ। ਤਰਨ ਤਾਰਨ ਸਰੋਵਰ ਦੀਆਂ 273 ਪੌੜੀਆਂ ਹਨ, ਹੇਠਾਂ ਤੋਂ ਉੱਪਰ ਤੱਕ ਸਾਰੀਆਂ ਪੌੜੀਆਂ ਨਵੀਆਂ ਬਣਵਾਈਆਂ ਗਈਆਂ, ਪੌੜੀਆਂ ਬਣਵਾਈ ਦਾ ਕਾਰਜ ਸੰਤਾਂ ਨੇ ਪੰਜ ਪਿਆਰਿਆਂ ਹੱਥੋਂ ਸ਼ੁਰੂ ਕਰਵਾਇਆ। ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਕਰਕੇ ਜੀਵਨ ਸਫਲਾ ਕੀਤਾ। ਸੇਵਾ ਸੰਪੂਰਨ ਹੋਈ, ਜਲ ਨਾਲ ਸਰੋਵਰ ਭਰਿਆ ਗਿਆ। ਤਰਨ ਤਾਰਨ ਦੀ ਸੇਵਾ ਉਪਰੰਤ ਮਹਾਂਪੁਰਖਾਂ ਨੇ ਦਰਬਾਰ ਸਾਹਿਬ ਦੀ ਸੇਵਾ ਦਾ ਕਾਰਜ ਆਰੰਭ ਕੀਤਾ, ਪ੍ਰਕਰਮਾ ਵਿੱਚ ਜਿੱਥੇ ਨਿਸ਼ਾਨ ਸਾਹਿਬ ਕੋਲ ਝੰਡਾ ਬੁੰਗਾ ਹੈ, ਦੀਵਾਲੀ ਤੇ ਵਿਸਾਖੀ ਦੇ ਸਮੇਂ ਤੇ ਸੰਗਤ ਦੀ ਆਮਦ ਜਿਆਦਾ ਹੋਣ ਕਾਰਨ ਥਾਂ ਥੋੜ੍ਹਾ ਪੈ ਜਾਂਦਾ ਸੀ। ਸੰਤਾਂ ਨੇ ਬੁੰਗਾ ਢੁਆ ਕੇ ਨਵਾਂ ਬਣਾਉਣਾ ਸ਼ੁਰੂ ਕੀਤਾ। ਪ੍ਰਕਰਮਾਂ ਅੱਗੇ ਨਾਲੋਂ ਖੁੱਲੀਆਂ ਹੋ ਗਈਆਂ।
ਹੰਸਲੀ ਦੀ ਸੇਵਾ:- ਇਥੇ ਸੰਤਾਂ ਨੇ ਅੰਮਿਰਤਸਰ ਦੇ ਪਾਵਨ ਸਰੋਵਰ ਦੇ ਜਲ ਲਿਆਉਣ ਲਈ ਹੰਸਲੀ ਦੀ ਸੇਵਾ ਦਾ ਆਰੰਭ ਕੀਤਾ। ਸਭ ਤੋਂ ਪਹਿਲਾਂ ਘੰਟਾ ਘਰ ਵਾਲੀ ਬਾਹੀ ਪਰ ਪ੍ਰਕਰਮਾਂ ਵਿੱਚ ਰੋੜੀ ਕਟਾਉਣੀ ਸ਼ੁਰੂ ਕੀਤੀ। ਹੰਸਲੀ ਦੀ ਲੰਬਾਈ ਚਾਰ ਮੀਲ ਸੀ। ਇਹ ਮਹਾਨ ਕਾਰਜ ਪੰਜ ਸਾਲਾਂ ਵਿੱਚ ਸੰਪੂਰਨ ਹੋਇਆ।
ਸ੍ਰੀ ਮੁਕਤਸਰ ਸਾਹਿਬ ਦੀ ਸੇਵਾ:- ਬਾਬਾ ਗੁਰਮੁੱਖ ਸਿੰਘ ਜੀ ਅੰਮ੍ਰਿਤਸਰ ਦੀ ਹੰਸਲੀ ਦੀ ਸੇਵਾ ਕਰਵਾ ਰਹੇ ਸਨ ਤਦ ਮਾਲਵੇ ਦੀ ਸੰਗਤ ਨੇ ਬੇਨਤੀ ਕੀਤੀ ਕਿ ਮੁਕਤਸਰ ਸਾਹਿਬ ਦੇ ਅਸਥਾਨ ਦੀ ਸੇਵਾ ਕਰਵਾਈ ਜਾਵੇ। ਸੰਤ ਜੀ ਨੇ ਸੇਵਾ ਆਰੰਭ ਕੀਤੀ। ਸਭ ਤੋਂ ਪਹਿਲਾਂ ਦੁਕਾਨਾਂ ਤੇ ਮਕਾਨਾਂ ਦੇ ਦਰਵਾਜੇ ਬੰਦ ਕਰਵਾਏ ਗਏ ਜੋ ਪ੍ਰਕਰਮਾਂ ਵੱਲ ਨੂੰ ਖੁੱਲ੍ਹਦੇ ਸਨ। ਸੰਤਾਂ ਨੇ ਉਨ੍ਹਾਂ ਨੂੰ ਦਰਵਾਜਾ ਦੂਜੇ ਪਾਸੇ ਲਗਾਉੇਣ ਦਾ ਖਰਚਾ ਵੀ ਦਿੱਤਾ। ਮੁਕਤਸਰ ਦੇ ਸਰੋਵਰ ਦੀ ਕਾਰ ਸੇਵਾ ਚਲਦੀ ਰਹੀ। ਜਥੇਦਾਰ ਬਘੇਲ ਸਿੰਘ ਜੀ ਸੇਵਾ ਦੇ ਮੁਖੀ ਥਾਪੇ ਗਏ।
ਸਰੋਵਰ ਦੀ ਪਵਿੱਤਰਤਾ ਲਈ ਲੰਬੀ ਹੰਸਲੀ ਵੀ ਤਿਆਰ ਕਰਵਾਈ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਉਪਰਲੀ ਛੱਤ ਨਵੀਂ ਬਣਵਾਈ ਤੇ ਗੁੰਬਦ ਸੁੰਦਰ ਸੰਗਮਰਮਰ ਦਾ ਬਣਵਾਇਆ। ਇਸ ਪ੍ਰਕਾਰ ਸੰਤਾਂ ਨੇ 10 ਸਾਲ ਇਥੇ ਸੇਵਾ ਕੀਤੀ।
ਖਡੂਰ ਸਾਹਿਬ ਦੀ ਸੇਵਾ:- ਮਾਝੇ ਦੀ ਸੰਗਤ ਦੀ ਬੇਨਤੀ ਤੇ ਸੰਤਾਂ ਨੇ ਸਤਿਬਚਨ ਕਹਿ ਕੇ ਆਪ ਜੀ ਸੰਤ ਬਾਬਾ ਸਾਧੂ ਸਿੰਘ, ਬਾਬਾ ਹਰਨਾਮ ਸਿੰਘ, ਭਾਈ ਮੋਹਨ ਸਿੰਘ ਵੈਦ ਤੇ ਹੋਰ ਗੁਰਮੁਖਾਂ ਸਮੇਤ ਖਡੂਰ ਸਾਹਿਬ ਆਏ। ਕੋਈ ਚੰਗਾ ਰਸਤਾ ਨਾ ਹੋਣ ਕਾਰਨ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਤੋਂ ਖਡੂਰ ਸਾਹਿਬ ਤੱਕ ਪੱਕੀ ਸੜਕ ਬਣਾਉਣ ਦਾ ਫੈਸਲਾ ਕੀਤਾ। ਜ਼ਮੀਨ ਮਿਲਦੇ ਹੀ ਸੰਤਾਂ ਨੇ ਸੜਕ ਮੁਕੰਮਲ ਕਰਕੇ ਡਿਸਟ੍ਰਿਕਟ ਬੋਰਡ ਅੰਮ੍ਰਿਤਸਰ ਦੇ ਹਵਾਲੇ ਕਰ ਦਿੱਤੀ। ਉਪਰੰਤ ਸੰਤਾਂ ਨੇ ਇੱਕ ਖੁੱਲਾ ਵੱਡਾ ਸਰੋਵਰ ਤਿਆਰ ਕਰਵਾਇਆ।
ਸੰਤਾਂ ਨੇ ਖਡੂਰ ਸਾਹਿਬ ਨੂੰ ਮੁਕਾਮ ਬਣਾ ਲਿਆ ਅਤੇ ਇਥੋਂ ਹੀ ਨਨਕਾਣਾ ਸਾਹਿਬ ਆਦਿਕ ਸਥਾਨਾਂ ਦੀ ਕਾਰ ਸੇਵਾ ਲਈ ਜਾਂਦੇ ਰਹੇ। ਕਾਰ ਸੇਵਾ ਡੇਰਾ ਖਡੂਰ ਸਾਹਿਬ ਪੰਥਕ ਸੇਵਾ ਵਿੱਚ ਵੱਡਾ ਮੁਕਾਮ ਹਾਸਲ ਕਰ ਗਿਆ। ਇਥੇ ਸੰਤਾਂ ਨੇ ਸਰੋਵਰ ਦੀ ਕਾਰ ਸੇਵਾ ਤੋਂ ਬਾਅਦ ਪ੍ਰਕਰਮਾਂ ਬਣਵਾਈਆਂ, ਗੁਰਦੁਆਰਾ ਸਾਹਿਬ ਦੀ ਨਵੇਂ ਸਿਰਿਓ ਸੁੰਦਰ ਇਮਾਰਤ ਤਿਆਰ ਕਰਵਾਈ, ਸੰਗਮਰਮਰ ਦਾ ਗੁੰਬਦ ਲਗਵਾਇਆ, ਇਹ ਮਹਾਨ ਸੇਵਾ ਚਾਰ ਸਾਲਾਂ ਵਿੱਚ ਸੰਪੂਰਨ ਹੋਈ।
ਬਾਬਾ ਬਕਾਲਾ ਸਾਹਿਬ ਸਰੋਵਰ ਦੀ ਸੇਵਾ:- ਖਡੂਰ ਸਾਹਿਬ ਤੋਂ ਬਾਅਦ ਸੰਤ ਜੀ ਨੇ ਬਾਬਾ ਬਕਾਲਾ ਸਾਹਿਬ ਦੇ ਸਰੋਵਰ ਦੇ ਜਲ ਦੀ ਪਵਿੱਤਰਤਾ ਲਈ ਹੰਸਲੀ ਬਣਾਉਣ ਦਾ ਕਾਰਜ ਆਰੰਭਿਆ। ਦੋ ਸਾਲਾਂ ਵਿੱਚ ਕਾਰਜ ਸਿਰੇ ਚੜ੍ਹਿਆ। ਸਰੋਵਰ ਦੀ ਪ੍ਰਕਰਮਾਂ ਤਿਆਰ ਕਰਵਾਈ, ਮਾਤਾ ਗੰਗਾ ਜੀ ਦੇ ਗੁਰਦੁਆਰੇ ਤੱਕ ਰਸਤਾ ਪੱਕਾ ਕਰਵਾਇਆ।
ਡੇਹਰਾ ਸਾਹਿਬ ਦੀ ਸੇਵਾ:- ਬਾਬਾ ਬਕਾਲਾ ਸਾਹਿਬ ਦੀ ਸੇਵਾ ਉਪਰੰਤ ਸੰਤ ਜੀ ਸੰਗਤ ਦੀ ਬੇਨਤੀ ਤੇ ਗੁ. ਡੇਹਰਾ ਸਾਹਿਬ (ਜਾਮਾਰਾਏ) ਪੁੱਜੇ। ਸਭ ਤੋਂ ਪਹਿਲਾਂ ਪਾਵਨ ਸਰੋਵਰ ਦੀਆਂ ਪੌੜੀਆਂ ਪੁਟਾ ਕੇ ਨਵੀਆਂ ਬਣਾਈਆਂ, ਬਾਅਦ ਵਿੱਚ ਗੁਰਦੁਆਰੇ ਦੀ ਸੁੰਦਰ ਇਮਾਰਤ ਉਸਾਰੀ, ਇਹ ਸੇਵਾ ਦੋ ਸਾਲਾਂ ਵਿੱਚ ਸੰਪੂਰਨ ਹੋਈ।
ਸ੍ਰੀ ਨਨਕਾਣਾ ਸਾਹਿਬ ਵਿਖੇ ਸੇਵਾ:- ਸੰਤ ਜੀ ਨੇ ਨਨਕਾਣਾ ਸਾਹਿਬ ਪੁੱਜ ਕੇ ਆਪਣੇ ਹੱਥਾਂ ਨਾਲ ਰੋੜੀ ਕੁੱਟਣੀ ਸ਼ੁਰੂ ਕੀਤੀ। ਇਸ ਸੇਵਾ ਦੇ ਮੋਢੀ ਜਥੇ. ਬਾਬਾ ਦਲੀਪ ਸਿੰਘ, ਬਾਬਾ ਜੀਵਨ ਸਿੰਘ, ਸੰਤ ਬਿਸ਼ਨ ਸਿੰਘ, ਭਾਈ ਰਾਮ ਸਿੰਘ ਥਾਪੇ ਗਏ। ਸਭ ਤੋਂ ਪਹਿਲਾਂ ਗੁ. ਬਾਲ ਲੀਲਾ ਸਾਹਿਬ ਦੇ ਸਰੋਵਰ ਦੀ ਗਾਰ ਕਢਵਾਉਣ ਉਪਰੰਤ ਸਰੋਵਰ ਦੀਆਂ ਪੌੜੀਆਂ ਨਵੀਆਂ ਬਣਵਾਈਆਂ। ਗੁਰਦੁਆਰਾ ਸਾਹਿਬ ਬਣਵਾਇਆ। ਇਸ ਤੋਂ ਬਾਅਦ ਗੁ. ਜਨਮ ਅਸਥਾਨ ਨਨਕਾਣਾ ਸਾਹਿਬ ਦੇ ਸਰੋਵਰ ਦੀ ਸੇਵਾ ਆਰੰਭ ਕੀਤੀ, ਉਪਰੰਤ ਪ੍ਰਕਰਮਾਂ ਨਵੀ ਬਣਾਈ। ਇਸ ਤੋਂ ਬਾਅਦ ਗੁ. ਕਿਆਰਾ ਸਾਹਿਬ ਦੀ ਸੁੰਦਰ ਇਮਾਰਤ ਤੇ ਸਰੋਵਰ ਬਣਵਾਇਆ। ਸਰੋਵਰਾਂ ਦੇ ਜਲ ਲਈ ਹੰਸਲੀ ਦੀ ਵੀ ਉਸਾਰੀ ਕਰਵਾਈ ਗਈ।
ਮੁੜ ਖਡੂਰ ਸਾਹਿਬ ਵਿਖੇ ਸੇਵਾ:- ਨਨਕਾਣਾ ਸਾਹਿਬ ਦੀ ਸੇਵਾ ਉਪਰੰਤ ਖਡੂਰ ਸਾਹਿਬ ਸਰੋਵਰ ਦੀ ਹੰਸਲੀ ਦੀ ਸੇਵਾ ਸੰਤ ਜੀ ਨੇ ਆਰੰਭ ਕੀਤੀ, ਜੋ ਕੁਝ ਮਹੀਨਿਆਂ ਵਿੱਚ ਸੰਪੂਰਨ ਹੋਈ।
ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਤੇ ਬੁੰਗਿਆਂ ਦੀ ਸੇਵਾ:- 1947 ਈ. ਵਿੱਚ ਸੰਤ ਜੀ ਨੇ ਘੰਟਾ ਘਰ ਵਾਲੀ ਬਾਹੀ ਤੇ ਸੇਵਾ ਆਰੰਭ ਕੀਤੀ, ਇਸੇ ਸਮੇਂ ਹੀ ਦੇਸ਼ ਦੀ ਵੰਡ ਹੋਣ ਕਾਰਨ ਸੰਤ ਮਨੁੱਖਤਾ ਦੀ ਸੇਵਾ ਵਿੱਚ ਰੁੱਝ ਗਏ। 1947 ਦੀ ਵੰਡ ਵੇਲੇ ਸੰਤ ਜੀ ਨੇ ਪਾਕਿਸਤਾਨ ਤੋਂ ਉੱਜੜ ਕੇ ਆਏ ਸ਼ਰਨਾਰਥੀਆਂ ਲਈ ਬਸਤਰ ਅਤੇ ਰਾਸ਼ਨ ਦੇ ਪ੍ਰਬੰਧ ਦੀ ਸੇਵਾ ਸੰਭਾਲੀ।
ਅਕਾਲ ਚਲਾਣਾ:- 100 ਸਾਲ ਦੇ ਲਗਭਗ ਸਰੀਰ ਵਿੱਚ ਰਹਿ ਕੇ ਬਾਬਾ ਗੁਰਮੁੱਖ ਸਿੰਘ ਜੀ , ਸੇਵਾ ਸਿਮਰਨ ਨੂੰ ਜੀਵਨ ਸਮਰਪਿਤ ਕਰਦੇ ਹੋਏ, ਅੰਮ੍ਰਿਤਸਰ ਸਾਹਿਬ ਵਿਖੇ 30 ਨਵੰਬਰ 1947 ਈ. ਨੂੰ ਅਕਾਲ ਚਲਾਣਾ ਕਰ ਗਏ। ਆਪ ਜੀ ਤੋਂ ਬਾਅਦ ਸੰਤ ਬਾਬਾ ਝੰਡਾ ਸਿੰਘ ਜੀ ਨੇ ਕਾਰ ਸੇਵਾ ਦੀ ਜ਼ਿੰਮੇਵਾਰੀ ਸੌਂਪੀ ਗਈ। ਬਾਬਾ ਝੰਡਾ ਸਿੰਘ ਜੀ ਨੇ ਸੰਤਾਂ ਦੁਆਰਾ ਚਲਾਈ ਕਾਰ ਸੇਵਾ ਨੂੰ ਤਨਦੇਹੀ ਨਾਲ ਨਿਭਾਇਆ।